ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਜਪੁਜੀ ਸਾਹਿਬ’ ਵਾਂਗ ਹੀ ‘ਆਸਾ ਦੀ ਵਾਰ’ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਗਤ-ਪ੍ਰਸਿਧ ਬਾਣੀ ਹੈ ਅਤੇ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਗ 462-475 ਤੇ ਦਰਜ਼ ਹੈ । ਇਸ ਵਿਚ ਕੁਲ 60 ਸਲੋਕ ਅਤੇ 24 ਪਉੜੀਆਂ ਹਨ, ਜਿਨ੍ਹਾਂ ਵਿਚੌਂ 46 ਸਲੋਕ ਅਤੇ 24 ਪਉੜੀਆਂ ‘ਸ੍ਰੀ ਗੁਰੂ ਨਾਨਕ ਦੇਵ ਜੀ’ ਦੀਆਂ ਰਚਿਤ ਹਨ ਅਤੇ 14 ਸਲੋਕ ‘ਸ੍ਰੀ ਗੁਰੂ ਅੰਗਦ ਦੇਵ ਜੀ’ ਦੇ ਹਨ । ਸੰਸਾਰ ਵਿਚ ਅਜਿਹਾ ਕੋਈ ਵਿਰਲਾ ਹੀ ਮਨੁੱਖ ਹੋਵੇਗਾ, ਜਿਸ ਦੇ ਮਨ ਵਿਚ ਕਿਸੇ ਨਾ ਕਿਸੇ ਰੂਪ ਵਿਚ ਆਸਾ ਦਾ ਵਾਸਾ ਨਾ ਹੋਵੇ ਪਰ ਆਸ, ਆਸ ਵਿਚ ਅੰਤਰ ਹੈ । ਦੁਨਿਆਵੀ ਪਦਾਰਥਾਂ ਦੀ ਆਸਾ ਜੀਵਨ ਨੂੰ ਗਾਲਣ ਵਾਲੀ ਅਤੇ ‘ਹਰਿ ਦਰਸਨ ਕੀ ਆਸਾ’ ਜੀਵ ਨੂ ਸੰਸਾਰ ਭਉਜਲ ਤੋਂ ਤਾਰਨ ਵਾਲੀ ਹੈ । ‘ਮਸਕੀਨ’ ਜੀ ਦੀ ਰਸਨਾ ਤੋਂ ਮੰਤਰ ਮੁਗਧ ਕਰਨ ਵਾਲੀ ਇਹ ਵਿਆਖਿਆ ਸੁਣ ਕੇ ਤਾਂ ਅਨੇਕਾਂ ਸਰੋਤਿਆਂ ਦੇ ਮਨ ਵਿਚ ਠਹਿਰਾਉ ਆਇਆ ਹੋਵੇਗਾ, ਉਨ੍ਹਾਂ ਦੇ ਬੋਲਾਂ ਨੂੰ ਹੂਬਹੂ ਪੜ੍ਹ ਕੇ ਗੁਰੂ ਨਾਨਕ ਨਾਮ ਲੇਵਾ ਹੋਰ ਫਾਇਦਾ ਉਠਾ ਸਕਣ, ਇਸ ਕਰਕੇ ਹੀ ਇਹ ਯਤਨ ਕੀਤਾ ਗਿਆ ਹੈ ।