ਪੰਜਾਬੀ ਸਾਹਿੱਤ ਵਿਚ ਵਾਰਤਕ ਦਾ ਲਿਖਿਆ ਜਾਣਾ 16ਵੀਂ ਸਦੀ ਤੋਂ ‘ਪੁਰਾਤਨ ਜਨਮਸਾਖੀ’ ਦੀ ਰਚਨਾ ਨਾਲ ਹੀ ਆਰੰਭ ਹੋ ਗਿਆ ਹੈ । ਇਸ ਪਖੋਂ ਹੋਰਨਾਂ ਆਧੁਨਿਕ ਭਾਰਤੀ ਭਾਸ਼ਾਵਾਂ ਵਿਚ ਪੰਜਾਬੀ ਨੂੰ ਮਹੱਤਵਪੂਰਣ ਅਤੇ ਅਗ੍ਰਿਮ ਸਥਾਨ ਪ੍ਰਾਪਤ ਹੈ । ਇਸੇ ਕਰਕੇ ਪੁਰਾਤਨ ਵਾਰਤਕ ਦੀ ਖੋਜ ਅਤੇ ਵਿਸ਼ਲੇਸ਼ਣ ਕਰਨ ਵਲ ਅਨੇਕ ਵਿਦਵਾਨ ਰੁਚਿਤ ਹੋਏ ਹਨ । ਪ੍ਰਸਤੁਤ ਲੇਖਕ ਵੀ ਆਪਣੇ ਵਿਦਿਆਰਥੀ ਕਾਲ ਤੋਂ ਪੁਰਾਤਨ ਵਾਰਤਕ ਤੇ ਅਧਿਐਨ ਵਿਚ ਰੁਚੀ ਲੈਣ ਲਗ ਗਿਆ ਸੀ ਅਤੇ ਉਸੇ ਰੁਚੀ ਅਧੀਨ ਇਸ ਅਮੀਰ ਪਰੰਪਰਾ ਦਾ ਸੰਨ 1850 ਤਕ ਅਧਿਐਨ ਕਰਕੇ ਹਥਲੀ ਪੁਸਤਕ ਦੀ ਸਿਰਜਨਾ ਕੀਤੀ ਹੈ ।