ਦੁਨੀਆਂ ਦਾ ਕੋਈ ਹਿੱਸਾ ਅਜਿਹਾ ਨਹੀਂ ਜਿੱਥੇ ਔਰਤ ਉੱਤੇ ਤਸ਼ੱਦਦ ਨਾ ਹੋ ਰਹੇ ਹੋਣ ਤੇ ਨਾ ਹੀ ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆਂ ਦਾ ਕੋਈ ਅਜਿਹਾ ਹਿੱਸਾ ਹੈ ਜਿੱਥੇ ਔਰਤ ਸੁਰੱਖਿਅਤ ਹੋਵੇ। ਪਰ, ਪੰਜਾਬ ਦੀ ਧਰਤੀ ਇੱਕ ਵੱਖ ਮਿਸਾਲ ਹੈ ਜਿੱਥੇ ਕਿਸੇ ਹੋਰ ਦੀ ਧੀ ਭੈਣ ਦੀ ਪੱਤ ਉੱਤੇ ਹੋਏ ਹੱਲੇ ਲਈ ਵੀ ਮਰਜੀਵੜੇ ਸਿਰ ਵਾਰ ਜਾਂਦੇ ਰਹੇ ਸਨ ਪਰ ਪੱਤ ਜ਼ਰੂਰ ਬਚਾਉਂਦੇ ਰਹੇ। ਪਰੰਤੂ ਪਿਛਲੇ ਸਮੇਂ ਦੌਰਾਨ ਸਾਡੇ ਪੰਜਾਬ ਵਿਚ ਹੀ ਔਰਤਾਂ ਨਾਲ ਵਾਪਰੀਆਂ ਸ਼ਰਮਨਾਕ ਘਟਨਾਵਾਂ ਸੁਣ ਕੇ ਬਹੁਤ ਨਮੋਸ਼ੀ ਹੁੰਦੀ ਹੈ। ਅਜਿਹੀ ਦਿਲ-ਚੀਰਵੀਆਂ ਘਟਨਾਵਾਂ ਦੀਆਂ ਅਖ਼ਬਾਰੀ ਸੁਰਖ਼ੀਆਂ ਨੂੰ ਲੇਖਕਾ ਨੇ ਕਹਾਣੀਆਂ ਦਾ ਵਿਸਤਾਰ ਦੇ ਕੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਜੇਕਰ ਇਹ ਦਰਦਨਾਕ ਕਹਾਣੀਆਂ ਔਰਤਾਂ ਪ੍ਰਤੀ ਸਾਡੇ ਨਜ਼ਰੀਏ ਨੂੰ ਬਦਲਣ ਵਿਚ ਸਹਾਈ ਹੋ ਸਕਣ ਤਾਂ ਲੇਖਕਾ ਦਾ ਇਹ ਯਤਨ ਸਫਲ ਹੋਵੇਗਾ।