ਮਨੀ ਸਿੰਘ ਜੀ ਦਾ ਜਨਮ 22 ਫਰਵਰੀ 1916 ਈ: ਨੂੰ ਪਿੰਡ ਰਤਨ ਗੜ੍ਹ ਵਿਖੇ ਪਿਤਾ ਸ: ਜਗਤ ਸਿੰਘ ਅਤੇ ਮਾਤਾ ਸਾਹਿਬ ਕੌਰ ਜੀ ਦੇ ਘਰ ਹੋਇਆ । ਛੇ ਸਾਲ ਦੀ ਉਮਰ ਵਿਚ ਹੀ ਆਪ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ । ਆਪ ਜੀ ਗੁਰਮੁਖੀ ਵਿਦਿਆ ਪਹਿਲੋਂ ਆਪਣੇ ਵੱਡੇ ਭ੍ਰਾਤਾ ਈਸ਼ਰ ਸਿੰਘ ਜੀ ਪਾਸੋਂ ਤੇ ਫਿਰ ਆਪਣੇ ਪਿੰਡ ਦੇ ਡੇਰੇ ਨਿਰਮਲੇ ਸੰਤਾਂ ਪਾਸੋਂ ਪੜ੍ਹਦੇ ਰਹੇ । ਉਪ੍ਰੰਤ ਮੋਰਿੰਡੇ ਸ਼ਹਿਰ ਭਾਈ ਨਾਹਰ ਸਿੰਘ ਨਿਹੰਗ ਸਿੰਘ ਪਾਸੋਂ ਤੇ ਘੜੂੰਏ ਪਿੰਡ ਬਾਬਾ ਨਰੈਣ ਸਿੰਘ ਜੀ ਚੋਲ੍ਹੀਆ ਪਾਸੋਂ ਤੇ ਰਤਨ ਗੜ੍ਹ ਦੇ ਬਾਬਾ ਜੈਮਲ ਸਿੰਘ ਪਾਸੋਂ ਪੜ੍ਹਦੇ ਰਹੇ । ਗੁਰਬਾਣੀ ਦੀ ਸੰਥਾ ਆਪ ਨੇ ਗਿਆਨੀ ਭਗਤ ਸਿੰਘ ਜੀ ਤੇ ਗਿਆਨੀ ਹਰਦਿੱਤ ਸਿੰਘ ਜੀ ਪਾਸੋਂ ਲਈ । ਇਸ ਤੋਂ ਬਾਦ ਆਪ ਮੋਰਿੰਡੇ ਸ਼ਹਿਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਬਣ ਰਹੇ ਗੁਰਦੁਅਰੇ ਵਿਚ ਸੇਵਾ ਕਰਦੇ ਰਹੇ । ਅਠਾਰਾਂ ਸਾਲ ਦੀ ਉਮਰ ਵਿੱਚ ਰੋਪੜ ਦੇ ਇਲਾਕੇ ਦੇ ਅਕਾਲੀ ਜਥੇਦਾਰ ਭਾਈ ਰੋਢਲ ਸਿੰਘ ਜੀ ਦੇ ਜਥੇ ਵਿਚ 4 ਸਾਲ ਰਹੇ । 29 ਮਾਰਚ 1939 ਈ: ਨੂੰ ਆਰੰਭ ਹੋਣ ਵਾਲੀ 101 ਅਖੰਡ ਪਾਠਾਂ ਦੀ ਲੜੀ ਵਿੱਚ ਭਿੰਡਰੀਂ ਆਪ ਆ ਸ਼ਾਮਲ ਹੋਏ । ਇਹ ਲੜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਅਰੰਭ ਕੀਤੀ ਸੀ । ਇੱਥੇ ਆਪ ਨੇ ਕੀਰਤਨ ਦੀ ਡਿਊਟੀ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀ ਬਾਣੀ, ਸ੍ਰੀ ਗੁਰ ਨਾਨਕ ਪ੍ਰਕਾਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸ੍ਰੀ ਗੁਰ ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ ਜੀ ਅਰਥਾਂ ਸਹਿਤ ਪੜ੍ਹੇ ਤੇ ਵਿਚਾਰੇ । 1942 ਈ: ਵਿਚ ਕੁਝ ਸਮਾਂ ਲਾਇਲਪੁਰ ਵਿਖੇ ਗੁਰਦੁਆਰਾ ਵਿੱਚ ਕਥਾ ਕੀਤੀ । 1946 ਈ: ਮੁੜ ਭਿੰਡਰਾਂ ਵਾਲੇ ਸੰਤਾਂ ਦੇ ਜਥੇ ਵਿੱਚ ਆ ਗਏ ਪਰ ਮਾਸਟਰ ਅਜੀਤ ਸਿੰਘ ਜੀ ਅੰਬਾਲਵੀ ਗਿਆਨੀ ਜੀ ਨੂੰ ਸੰਤਾਂ ਪਾਸੋਂ ਮੰਗ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਲੈ ਗਏ ਪਰ ਆਪ ਛੇਤੀ ਹੀ ਅਸਤੀਫਾ ਦੇ ਕੇ ਸੰਤਾਂ ਪਾਸ ਭਿੰਡਰੀ ਆ ਗਏ । ਥੋੜਾ ਸਮਾ ਸੰਤਾਂ ਪਾਸ ਰਹਿਣ ਤੋਂ ਬਾਦ ਆਪ ਮਾਨਪੁਰ, ਰੋਪੜ, ਕਾਨਪੁਰ ਤੇ 1953-54 ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਹੈੱਡ ਗ੍ਰੰਥੀ ਰਹੇ । 1954-55 ਵਿੱਚ ਆਪ ਫੌਜ ਵਿੱਚ ਗ੍ਰੰਥੀ ਦੀ ਡਿਊਟੀ ਨਿਬਾਈ । 1958 ਈ: ਵਿੱਚ ਸੰਗਤਾਂ ਨੇ ਆਪ ਜੀ ਨੂੰ ਕੈਨੇਡਾ ਬੁਲਾ ਲਿਆ । ਇੱਥੇ ਆਪ ਦਸ ਸਾਲ ਰਹੇ ਤੇ ਫਿਰ ਪਰਿਵਾਰ ਸਮੇਤ ਆਪ ਡੇਢ ਸਾਲ ਇੰਗਲੈਂਡ ਰਹਿ ਕੇ ਵਾਪਸ ਦਿੱਲੀ ਆ ਗਏ । 1974 ਈ: ਨੂੰ ਆਪ ਨੇ ਇੰਟਰਵਿਊ ਪਾਸ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਨਿਯੁਕਤ ਹੋ ਗਏ । 1983 ਇ: ਸੇਵਾ ਮੁਕਤ ਹੋਣ ਉਪ੍ਰੰਤ ਆਪ ਫਿਰ ਆਪਣੇ ਪਰਿਵਾਰ ਪਾਸ ਕੈਨੇਡਾ ਚਲੇ ਗਏ । ਆਪ ਦਾ ਪਰਿਵਾਰ ਇਸ ਪ੍ਰਕਾਰ ਹੈ – ਸੁਪਤਨੀ ਬੀਬੀ ਜਸਵੰਤ ਕੌਰ ਗਿਆਨੀ, ਦੋ ਲੜਕੇ ਸਤਵੰਤ ਸਿੰਘ ਤੇ ਅੰਮ੍ਰਿਤ ਪਾਲ ਸਿੰਘ, ਤਿੰਨ ਲੜਕੀਆਂ ਬੀਬੀ ਸੁਰਜੀਤ ਕੌਰ, ਅਰਵਿੰਦਰ ਕੌਰ ਤੇ ਕੰਵਲਜੀਤ ਕੌਰ ।