ਇਸ ਪੁਸਤਕ ਵਿਚ ਲੋਕ ਨਾਟਕ ਦੇ ਨੌਂ ਮੁਖ ਰੂਪ ਅੰਕਿਤ ਕੀਤੇ ਗਏ ਹਨ ਤੇ ਕੁਝ ਨਿੱਕੀਆਂ ਵੰਨਗੀਆਂ ਦੇ ਝਲਕਾਰੇ । ਇਹ ਨੌਂ-ਰੂਪ – ਬੰਗਾਲ ਦੀ ਜਾਤਰਾ, ਉੱਤਰੀ ਭਾਰਤ ਦੀ ਨੌਟੰਕੀ, ਗੁਜਰਾਤ ਦੀ ਭਵਾਈ, ਮਹਾਰਾਸ਼ਟਰ ਦਾ ਤਮਾਸ਼ਾ, ਉੱਤਰ ਪ੍ਰਦੇਸ਼ ਦੀ ਰਾਮਲੀਲ੍ਹਾ ਤੇ ਰਾਸਲੀਲ੍ਹਾ, ਤਾਮਿਲਨਾਡੂ ਦਾ ਤੀਰੂਕੁਤੂ, ਕਰਨਾਟਕ ਦਾ ਯਕਸ਼ਗਾਣ ਤੇ ਬਿਹਾਰ ਉੜੀਸਾ ਦਾ ਛਾਉ – ਸਿਖਰ ਉਤੇ ਪਹੁੰਚੇ, ਪੂਰਣ ਤੌਰ ਤੇ ਘੜੇ ਤੇ ਤਰਾਸ਼ੇ ਹੋਏ ਚਿਤਰੇ ਗਏ ਹਨ । ਇਨ੍ਹਾਂ ਵਿਚ ਹਰ ਰੂਪ ਦਾ ਇਤਿਹਾਸਕ ਪਿਛੋਕੜ ਤੇ ਵਿਕਾਸ ਹੈ । ਰੂਪ ਦੀ ਵਿਲੱਖਣਤਾ ਤੇ ਉਸ ਦਾ ਜਲੌਅ ਸਿਖਰ ਨੂੰ ਛੂੰਹਦਾ ਹੈ । ਇਸ ਲਈ ਇਸ ਪੁਸਤਕ ਨੂੰ ਦੁਬਾਰਾ ਸੋਧਣ ਦੀ ਲੋੜ ਨਹੀਂ ਕਿਉਂਕਿ ਇਹ ਨਾਟ-ਰੂਪ ਪਹਿਲਾਂ ਹੀ ਤਪੇ ਤੇ ਚੰਡੇ ਹੋਏ ਰੂਪ ਵਿਚ ਪੇਸ਼ ਕੀਤੇ ਗਏ ਹਨ । ਇਹ ਇਕ ਪ੍ਰਕਾਰ ਦਾ ਅੰਤਿਮ ਰੂਪ ਹਨ ਜਿਨ੍ਹਾਂ ਨੂੰ ਅਜੋਕੇ ਪਾਠਕ ਤੇ ਰੰਗ-ਕਰਮੀ ਸਿੱਕੇਬੰਦ ਸਮਝ ਕੇ ਇਸ ਦਾ ਰਸ ਲੈਣ ।