ਇਹ ਨਾਵਲ ਮਨੁੱਖੀ ਜਜ਼ਬਿਆਂ ਦੀ ਖੇਡ ਦੀ ਕਹਾਣੀ ਹੈ। ਕਈ ਵਾਰ ਅਸੀਂ ਆਪਣੇ ਬੋਲੇ ਸ਼ਬਦਾਂ ਦੇ ਅਰਥਾਂ ਤੋਂ ਆਪ ਡਰਦੇ ਫਿਰਦੇ ਹਾਂ। ਜ਼ਿੰਦਗੀ ਵਿਚ ਵਾਪਰੇ ਹਾਦਸੇ ਬਹੁਤ ਸਾਰੇ ਖਲਾਅ ਪੈਦਾ ਕਰ ਦਿੰਦੇ ਹਨ ਤੇ ਉਹਨਾਂ ਖਲਾਵਾਂ ਨੂੰ ਭਰਨ ਲਈ ਅਸੀਂ ਕਿਧਰ ਨੂੰ ਤੁਰ ਪੈਂਦੇ ਹਾਂ, ਇਹ ਸਾਨੂੰ ਵੀ ਪਤਾ ਨਹੀਂ ਚੱਲਦਾ। ਰਿਟਾਇਰਮੈਂਟ ਹੋਮ ਵਿੱਚ ਰਹਿੰਦੇ ਰਾਵਲ ਦੇ ਜੀਵਨ ਵਿਚ ਵੀ ਅਜਿਹਾ ਹੀ ਕੁਝ ਵਾਪਰਦਾ ਹੈ, ਜਿਸ ਦਾ ਸਾਹਮਣਾ ਉਹ ਆਪ ਵੀ ਨਹੀਂ ਕਰ ਸਕਦਾ। ਬਾਹਰੋਂ ਦਿਸਦੀ ਪ੍ਰੇਮ ਕਹਾਣੀ ਅੰਦਰੋਂ ਬਹੁਤ ਪੀਡੀ ਤੇ ਜਟਿਲ ਹੈ। ਸਾਡੇ ਅੱਜ ਦੇ ਜੀਵਨ ਵਿਚ ਸੋਸ਼ਲ ਮੀਡੀਏ ਦਾ ਬਹੁਤ ਵੱਡਾ ਰੋਲ ਹੈ ਤੇ ਲੇਖਕ ਨੇ ਨਾਵਲ ਵਿਚ ਸੋਸ਼ਲ ਮੀਡੀਏ ਨੂੰ ਇਕ ਕਿਰਦਾਰ ਦੇ ਰੂਪ ਵਿਚ ਵਰਤਿਆ ਹੈ। ਸਦਾ ਵਾਂਗ ਲੇਖਕ ਦੇ ਇਸ ਨਾਵਲ ਵਿਚ ਵੀ ਕਮਾਲ ਦੀ ਰੌਚਿਕਤਾ ਹੈ। ਪਾਠਕ ਨਾਵਲ ਦੇ ਪਹਿਲੇ ਸਫੇ ਤੋਂ ਹੀ ਕਹਾਣੀ ਵਿਚ ਜਾ ਵੜਦਾ ਹੈ। ਇਹ ਨਾਵਲ ਲੇਖਕ ਦੀ ਨਾਵਲਕਾਰੀ ਵਿਚ ਇਕ ਹੋਰ ਮੀਲ ਪੱਥਰ ਹੈ।