ਹਥਲਾ ਨਾਵਲ ‘ਆਪਣਾ’ ਹਰਜੀਤ ਅਟਵਾਲ ਦਾ ਦੂਜਾ ਇਤਿਹਾਸਕ ਨਾਵਲ ਹੈ । ਉਸ ਦਾ ਪਹਿਲਾ ਇਤਿਹਾਸਕ ਨਾਵਲ ‘ਅਕਾਲ ਸਹਾਏ’ ਸੀ । ਅਸਲ ਵਿਚ ‘ਅਕਾਲ ਸਹਾਏ’ ਇਸ ਨਾਵਲ ਦਾ ਪਹਿਲਾ ਭਾਗ ਸੀ । ਜਿਥੇ ਉਹ ਨਾਵਲ ਮਹਾਂਰਾਜਾ ਦਲੀਪ ਸਿੰਘ ਦੇ ਲਾਹੌਰ ਛੱਡਣ ‘ਤੇ ਖਤਮ ਹੁੰਦਾ ਹੈ ਉਥੇ ਇਹ ਨਾਵਲ ਮਹਾਂਰਾਜਾ ਦਲੀਪ ਸਿੰਘ ਦੇ ਲੰਡਨ ਪੁੱਜਣ ‘ਤੋਂ ਸ਼ੁਰੂ ਹੁੰਦਾ ਹੈ । ਅਸੀਂ ਸਾਰੇ ਜਾਣਦੇ ਹਾਂ ਕਿ ਮਹਾਂਰਾਜਾ ਦਲੀਪ ਸਿੰਘ ਦਾ ਅੰਗਰੇਜ਼ਾਂ ਨੇ ਧੋਖੇ ਨਾਲ ਧਰਮ ਬਦਲਾ ਦਿਤਾ ਸੀ ਤੇ ਉਸ ਨੂੰ ਭਰਮਾਂ ਨਾਲ ਭਰੀ ਹੋਈ ਇਕ ਜ਼ਿੰਦਗੀ ਦਿਤੀ । ਦਲੀਪ ਸਿੰਘ ਨੂੰ ਮਹਾਂਰਾਜਾ ਦਾ ਖਿਤਾਬ ਵੀ ਦਿਤਾ ਪਰ ਅਸਲ ਵਿਚ ਉਹ ਮਹਾਂਰਾਜਾ ਹੈ ਹੀ ਨਹੀਂ ਸੀ । ਨਾਵਲ ਪੜ੍ਹ ਕੇ ਪਤਾ ਚਲਦਾ ਹੈ ਕਿ ਲੇਖਕ ਨੇ ਕਿੰਨਾ ਡੂੰਘਾ ਅਧਿਅਨ ਕੀਤਾ ਹੋਵੇਗਾ ।