ਇਸ ਖੋਜ-ਭਰਪੂਰ ਪੁਸਤਕ ਦੇ ਲੇਖਲ ਨੇ ਸਮਕਾਲੀ ਲਿਖਤਾਂ ਦਾ ਦੀਰਘ ਅਧਿਐਨ ਕਰ ਕੇ ਵਸਤੂ-ਨਿਸ਼ਠ ਸਿੱਟੇ ਕੱਢੇ ਹਨ । ਇਹ ਸਿੱਟੇ ਕਿਧਰੇ ਪੂਰਬਲੇ ਸਿੱਟਿਆਂ ਦੀ ਪੁਸ਼ਟੀ ਕਰਦੇ ਹਨ ਅਤੇ ਕਿਧਰੇ ਵੱਖਰੀ ਤੇ ਨਵੀਂ ਸੂਝ ਪ੍ਰਦਾਨ ਕਰਦੇ ਹਨ । ਲੇਖਕ ਸੱਤਾ ਦੇ ਸਾਰੇ ਕੇਂਦਰਾਂ ਦੀ ਭੂਮਿਕਾ ਦੀ ਚਰਚਾ ਕਰਨ ਤੋਂ ਬਾਅਦ ਪਹਿਲੀ ਲੜਾਈ ਦੀ ਮੋਰਚਾਬੰਦੀ, ਜੰਗੀ ਹਥਿਆਰਾਂ ਅਤੇ ਸਰਕਰਦਾ ਸਿੱਖ ਸਰਦਾਰਾਂ ਦੀ ਭੂਮਿਕਾ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਉੰਦਾ ਹੈ । ਇਸ ਪੁਸਤਕ ਵਿਚ ਦੂਜੀ ਲੜਾਈ ਦਾ ਵੀ ਵਿਸਤ੍ਰਿਤ ਬਿਰਤਾਂਤ ਤੇ ਵਿਸ਼ਲੇਸ਼ਣ ਦਿੱਤਾ ਗਿਆ ਹੈ, ਜੋ ਹੋਰ ਰਚਨਾਵਾਂ ਵਿਚ ਘੱਟ ਉਪਲਬਧ ਹੈ । ਤਰਕਸ਼ੀਲ, ਨਿਰਪੱਖ ਅਤੇ ਵਿਗਿਆਨਕ ਪਹੁੰਚ ਵਾਲੀ ਇਹ ਇਤਿਹਾਸਕ ਰਚਨਾ ਇਸ ਕਾਲ ਦੀਆਂ ਇਤਿਹਾਸਕ ਰਚਨਾਵਾਂ ਵਿਚ ਗੁਣਾਤਮਕ ਵਾਧਾ ਕਰਨ ਵਾਲੀ ਅਹਿਮ ਰਚਨਾ ਸਿੱਧ ਹੋਵੇਗੀ । ਇਹ ਇਤਿਹਾਸਕਾਰਾਂ ਤੇ ਸਾਧਾਰਣ ਪਾਠਕ ਦੋਹਾਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਰੱਖਦੀ ਹੈ ।