ਜੋ ਸਫ਼ਰਨਾਮਾਕਾਰ ਮਹਾਰਾਜੇ ਰਣਜੀਤ ਸਿੰਘ ਦੇ ਵਕਤ ਤੇ ਕੁਝ ਇਕ ਬਾਅਦ ਵਿਚ ਵੀ ਪੰਜਾਬ ਆਏ, ਬਾਰੇ ਇਤਿਹਾਸ ਦੇ ਲਿਖਾਰੀਆਂ ਨੇ ਸਮੇਂ-ਸਮੇਂ ਆਪਣੀਆਂ ਲਿਖਤਾਂ ਵਿਚ ਜਾਣਕਾਰੀ ਦਿੱਤੀ ਹੈ ਜੋ ਬਹੁਤ ਹੀ ਸੰਖੇਪ ਵਿਚ ਹੈ । ਇਸ ਲਈ ਇਨ੍ਹਾਂ ਲੇਖਾਂ ਦੀ ਲੜੀ ਰਾਹੀਂ ਉਨ੍ਹਾਂ ਸਫੀਰਾਂ ਤੇ ਸਫ਼ਰਨਾਮਾਕਾਰਾਂ ਦੀ ਜ਼ੁਬਾਨੀ ਸਤਲੁਜ ਪਾਰ ਸਿੱਖ ਰਿਆਸਤਾਂ, ਪੰਜਾਬ, ਮੁਲਤਾਨ, ਸਿੰਧ ਦਰਿਆ, ਸਿੰਧ ਪਾਰ ਦੇ ਇਲਾਕੇ, ਪਿਸ਼ਾਵਰ, ਜੰਮੂ ਕਸ਼ਮੀਰ, ਕਾਬਲ ਅਤੇ ਮੱਧ ਏਸ਼ੀਆ ਤਕ ਦੇ ਇਲਾਕਿਆਂ, ਸਿੱਖ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਦਿੱਤੀ ਗਈ ਜਾਣਕਾਰੀ ਜਾਂ ਟਿੱਪਣੀ, ਜੋ ਕਿ ਨਿਰਪੱਖ ਹੈ, ਪਾਠਕਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਹੈ ਤਾਂ ਜੋ ਸਾਨੂੰ ਵੀ ਆਪਣੇ ਸਿੱਖ ਰਾਜ ਦੇ ਮਹਾਨ ਵਿਰਸੇ ਜਾਂ ਸ਼ੁਹਰਤ ਬਾਰੇ ਜਾਣਦੇ ਹੋਏ ਫ਼ਖ਼ਰ ਮਹਿਸੂਸ ਹੋ ਸਕੇ ਅਤੇ ਉਨ੍ਹਾਂ ਛੁਪਿਆਂ ਸੱਚਾਈਆਂ ਦਾ ਪਤਾ ਲੱਗੇ, ਜੋ ਹੁਣ ਤਕ ਸਿੱਖ ਇਤਿਹਾਸ ਦੀਆਂ ਕਿਤਾਬਾਂ ਤੋਂ ਲਾਂਭੇ ਰਹੀਆਂ ਹਨ ।