ਗੁਰੂ ਨਾਨਕ ਸਾਹਿਬ ਦਾ ਧਰਮ ਬੜਾ ਸਾਦਾ ਹੈ । ਬੜਾ ਹੀ ਸਰਲ ਹੈ । ਬੜਾ ਹੀ ਸੁਖਦਾਈ ਹੈ । ਸੌਖ ਨਾਲ ਸਮਝ ਵਿਚ ਆਉਣ ਵਾਲਾ ਹੈ । ਬਸ਼ਰਤੇ ਕਿ ਅਸੀਂ ਇਸ ਦੀ ਆਤਮਿਕ ਬੋਲੀ ਨੂੰ ਸਮਝਣ ਦੇ ਯੋਗ ਬਣੀਏ । ਆਪਣਾ ਸਿਰ ਇਸ ਨੂੰ ਸੌਂਪਣ ਲਈ ਮਾਨਸਿਕ ਤੌਰ ਉਤੇ ਤਿਆਰ ਹੋਈਏ । ਇਸ ਧਰਮ ਵਿਚ ਭੇਖ ਅਤੇ ਕਰਮਕਾਂਡ ਦਾ ਲੇਸ ਮਾਤਰ ਵੀ ਰਲਾਅ ਨਹੀਂ । ਇਹ ਧਰਮ ਗੁਰੂ ਨਾਨਕ ਸਾਹਿਬ ਦੇ ਮਨ ਦੀ ਕਲਪਨਾ ਨਹੀਂ, ਸਗੋਂ ਹੁਣ ਤੱਕ ਮਨੁੱਖੀ ਸਮਾਜ ਦੇ ਹੋਏ ਸਰਬਪਖੀ ਵਿਕਾਸ ਦਾ ਤਤਸਾਰ ਹੈ । ਇਹ ਧਰਮ ਕੁਦਰਤੀ ਅਤੇ ਸਮਾਜੀ ਨੇਮਾਂ ਦੋਹਾਂ ਉੱਤੇ ਪੂਰਾ ਉਤਰਦਾ ਹੈ । ਇਹ ਕੋਈ ਹੁਣ ਦਾ ਧਰਮ ਨਹੀਂ, ਸਗੋਂ ਅੱਜ ਤੋਂ ਪੰਜ ਸੌ ਸਾਲ ਜਾਂ ਪੰਜ ਹਜ਼ਾਰ ਸਾਲ ਬਾਅਦ ਵੀ ਜੇ ਮਨੁੱਖ ਜਾਤੀ ਕਾਇਮ ਰਹੀ, ਤਾਂ ਉਸ ਦਾ ਇਹੀ ਧਰਮ ਹੋਵੇਗਾ । ਇਹ ਸਮੁੱਚੀ ਲੁਕਾਈ ਦਾ ਧਰਮ ਹੈ । ਇਹ 21ਵੀਂ ਸਦੀ ਦਾ ਸੰਸਾਰ ਧਰਮ ਹੈ । ਇਹ ਧਰਮ ਨਾ ਸਿਰਫ ਸਮੁੱਚੀ ਮਨੁੱਖ ਜਾਤੀ ਦੇ ਅਪਨਾਉਣਯੋਗ ਹੈ ਸਗੋਂ ਇਹੀ ਇਕ ਧਰਮ ਹੈ, ਜਿਸ ਨੂੰ ਅਪਣਾ ਕੇ ਹੀ ਮਨੁੱਖ ਜਾਤੀ ਸੁਖੀ ਤੇ ਸਹਿਜ ਜੀਵਨ ਜਿਉ ਸਕਦੀ ਹੈ । ਇਸ ਧਰਮ ਨੂੰ ਮੰਨਣਾ ਮਨੁੱਖ ਦੀ ਮਜਬੂਰੀ ਨਹੀਂ ਸਗੋਂ ਉਸ ਦੀ ਪ੍ਰਾਪਤੀ ਹੈ ।