ਇਸ ਪੁਸਤਕ ਵਿਚ ਚੇਤਰ ਤੋਂ ਲੈ ਕੇ ਫੱਗਣ ਤੱਕ ਹਰੇਕ ਮਹੀਨੇ ਵਿਚ ਅਦਲਦੇ-ਬਦਲਦੇ ਮੌਸਮ ਬਾਰੇ, ਮੌਸਮ ਤੋਂ ਉਤਪੰਨ ਕੁਦਰਤੀ ਵਰਤਾਰਿਆਂ ਬਾਰੇ, ਇਤਿਹਾਸਿਕ, ਮਿਥਿਹਾਸਕ ਤੇ ਸਭਿਆਚਾਰਕ ਗਤੀਵਿਧੀਆਂ ਬਾਰੇ ਖੂਬ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬੀ ਵਿਚ ਹਰ ਮਹੀਨੇ ਅਤੇ ਉਸ ਵਿਚ ਵਿਦਮਾਨ ਮੌਸਮ ਦੇ ਹਿਸਾਬ ਨਾਲ ਬਦਲਦੇ ਚਾਅ-ਮਲਾਰ, ਹਾਵ-ਭਾਵ, ਉਤਾਰ-ਚੜ੍ਹਾਅ ਪ੍ਰਤੱਖ ਤੌਰ ’ਤੇ ਵਿਚਾਰਨ-ਗੋਚਰੇ ਹਨ, ਜਿਨ੍ਹਾਂ ਬਾਰੇ ਇਸ ਪੁਸਤਕ ਵਿਚ ਕਾਫੀ ਵਰਨਣ ਮਿਲੇਗਾ। ਵਿਸ਼ੇਸ਼ ਤੌਰ ’ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਬਾਰਹਮਾਹ ਰਚਨਾਵਾਂ ਦਾ ਮੁਤਾਲਿਆ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਰਚਿਤ ਬਾਰਹ-ਮਾਹ ਵਿਚਲੇ ਕੁਦਰਤ-ਚਿਤਰਣ ਅਤੇ ਜੀਵ-ਆਤਮਾ ਦੇ ਮਹਾਂ-ਮਿਲਨ ਤੱਕ ਦੇ ਸਫਰ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ।