ਇਹ ਗੋਸੁਆਮੀ ਤੁਲਸੀਦਾਸ ਦੀ ਅਮਰ ਰਚਨਾ ਹੈ। ਇਸ ਗ੍ਰੰਥ ਨੂੰ ਚੂੰਕਿ ਤੁਲਸੀਦਾਸ ਨੇ ਲਿਖਿਆ ਹੈ ਕਿ ਇਸ ਵਿਚ ਰਾਮ-ਕਥਾ ਹੈ, ਇਸ ਲਈ ਸਾਧਾਰਣ ਅਤੇ ਪੇਂਡੂ ਸ਼ਰਧਾਲੂਆਂ ਵਿਚ ਇਹ ‘ਤੁਲਸੀ ਰਾਮਾਇਣ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਕਦੇ ਕਦੇ ਲੋਕੀਂ ਇਸ ਨੂੰ ‘ਚੌਪਈ ਰਾਮਾਇਣ’ ਵੀ ਕਹਿੰਦੇ ਸੁਣੇ ਗਏ ਹਨ, ਕਿਉਂਕਿ ਇਸ ਵਿਚਲਾ ਪ੍ਰਧਾਨ ਛੰਦ ਚੌਪਈ ਹੈ। ਪਰ ਕਵੀ ਤੁਲਸੀਦਾਸ ਨੇ ਆਪ ਇਸ ਦਾ ਨਾਂ ‘ਰਾਮਚਰਿਤਮਾਨਸ’ ਰਖਿਆ ਹੈ। ਇਸ ਤੋਂ ਭਾਵ ਇਹ ਹੈ ਕਿ ‘ਮਾਨਸ’ ਸ਼ਬਦ ਪ੍ਰਸਿੱਧ ਝੀਲ ‘ਮਾਨਸਰੋਵਰ’ ਦਾ ਸੂਚਕ ਹੈ ਅਤੇ ‘ਰਾਮਚਰਿਤ’ ਸ਼ਬਦ ਇਸ ਵਿਚਲੇ ਸਵੱਛ ਜਲ ਦਾ ਬੋਧਕ ਹੈ। ਭਾਰਤੀ ਸੰਸਕ੍ਰਿਤੀ ਦੇ ਸੰਕਟ ਕਾਲ ਵੇਲੇ ਜੋ ਅਗਵਾਈ ਇਸ ਗ੍ਰੰਥ ਨੇ ਦਿੱਤੀ ਹੈ, ਉਹ ਕਦੇ ਭੁਲਾਈ ਨਹੀਂ ਜਾ ਸਕਦੀ। ਇਹ ਨ ਕੇਵਲ ਇਕ ਅਦੁੱਤੀ ਕਾਵਿ ਕ੍ਰਿਤੀ ਹੈ, ਸਗੋਂ ਧਾਰਮਿਕ ਖੇਤਰ ਦੀ ਵੀ ਇਕ ਪ੍ਰਮੁਖ ਰਚਨਾ ਹੈ। ਜਦ ਤੱਕ ਹਿੰਦੂ ਧਰਮ ਕਾਇਮ ਹੈ, ਤਦ ਤੱਕ ਉਸ ਦੇ ਸੰਸਕ੍ਰਿਤ ਜਗਤ ਨੂੰ ਇਸ ਗ੍ਰੰਥ ਦੀਆਂ ਭਾਵਨਾਮਈ ਨੂਰਾਨੀ ਕਿਰਨਾਂ ਪ੍ਰਕਾਸ਼ਮਾਨ ਕਰਦੀਆਂ ਰਹਿਣਗੀਆਂ। ਇਸ ਗ੍ਰੰਥ ਦੀ ਰਚਨਾ ਭਾਰਤੀ ਸਾਹਿਤ ਦੀ ਸਚਮੁਚ ਇਕ ਮਹੱਤਵਪੂਰਨ ਘਟਨਾ ਹੈ।