ਸਵਾਮੀ ਗੰਗੇਸਵਰਾਨੰਦ ਗਿਰੀ ਜੀ ਨੇ ਭਾਰਤੀ ਧਰਮ ਦਰਸ਼ਨ ਦੀ ਅਹਿਮ ਰਚਨਾ ਸ੍ਰੀ ਮਦ ਭਗਵਦ ਗੀਤਾ ਦਾ ਪਰਮਾਣਿਕ ਤੇ ਭਰੋਸੇਯੋਗ ਪੰਜਾਬੀ ਟੀਕਾ ਪ੍ਰਸਤੁਤ ਕਰ ਕੇ ਪੰਜਾਬੀ ਪਾਠਕਾਂ ਦੀ ਦ੍ਰਿਸ਼ਟੀ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ ਹੈ। ਟੀਕਾਕਾਰ ਨੇ ਆਪਣੀ ਲਗਨ, ਦੂਰ-ਅੰਦੇਸ਼ਤਾ, ਮਿਹਨਤ ਅਤੇ ਜਾਨੂੰਨ ਨਾਲ ਭਗਵਤ ਗੀਤਾ ਦੇ ਸੰਸਕ੍ਰਿਤ ਸਲੋਕਾਂ ਦਾ ਗੁਰਮੁਖੀ ਲਿਪੀ-ਅੰਤਰਣ ਕੀਤਾ ਹੈ, ਹਰ ਸਲੋਕ ਦੇ ਅਰਥ ਦਿੱਤੇ ਹਨ ਤੇ ਭਾਵਾਰਥ ਵਿਚ ਵਿਚਾਰਾਂ ਦੀ ਵਧੇਰੇ ਸਪਸ਼ਟਤਾ ਲਈ ਗੁਰਬਾਣੀ ਵਿਚੋਂ ਹਵਾਲੇ ਦੇ ਕੇ ਇਸ ਗ੍ਰੰਥ ਨੂੰ ਹੋਰ ਵੀ ਉਪਯੋਗੀ ਬਣਾ ਦਿਤਾ ਹੈ। ਗੁਰਮੁਖੀ ਲਿਪੀ ਆਪਣੈ ਆਪ ਵਿਚ ਪੂਰਨ ਹੈ, ਪਰ ਸੰਸਕ੍ਰਿਤ ਦੇ ਜਿਹੜੇ ਅੱਖਰ ਗੁਰਮੁਖੀ ਵਰਣ-ਮਾਲਾ ਵਿਚ ਨਹੀਂ ਹਨ, ਉਨ੍ਹਾਂ ਵਿਸ਼ੇਸ਼ ਧੁਨੀਆਂ ਲਈ ਗੁਰਮੁਖੀ ਅੱਖਰਾਂ ਨੂੰ ਵਿਸ਼ੇਸ਼ ਚਿੰਨ੍ਹ ਲਗਾ ਕੇ ਪੰਜਾਬੀ ਭਾਸ਼ਾ ਵਿਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਗਿਆ ਹੈ। ਗੁਰਬਾਣੀ ਵਿਚੋਂ 3000 ਤੋਂ ਵਧੇਰੇ ਸ਼ਬਦਾਂ ਨੂੰ ਹਵਾਲਿਆਂ ਵਜੋਂ ਸ਼ਾਮਿਲ ਕਰਨਾ ਵੀ ਇਸ ਗ੍ਰੰਥ ਨੂੰ ਵਿਲੱਖਣਤਾ ਪ੍ਰਦਾਨ ਕਰਦਾ ਹੈ। ਸ੍ਰੀ ਮਦ ਭਗਵਦ ਗੀਤਾ ਦਾ ਗੁਰਮੁਖੀ ਵਿਚ ਇਹ ਪ੍ਰਮਾਣਿਕ ਅਤੇ ਸੁਖੈਨ ਟੀਕਾ ਧਰਮ-ਸ਼ਾਸਤਰੀਆਂ, ਪਰਚਾਰਕਾਂ ਤੇ ਬੁਲਾਰਿਆਂ ਲਈ ਵਿਸ਼ੇਸ਼ ਖਿੱਚ ਰੱਖਦਾ ਹੈ।