ਅਵਧੂਤ ਗੀਤਾ ਬ੍ਰ੍ਹਹਮ ਗਿਆਨ ਦੀਆਂ ਅਨੁਭੂਤੀਆਂ ਦਾ ਸੰਕਲਨ ਹੈ । ਇਸ ਗੂੜ੍ਹ ਗਿਆਨ ਨੂੰ ਸਮਝਣ ਸਮਝਾਉਣ ਲਈ ਵਿਸਤਾਰ ਪੂਰਵਕ ਵਿਆਖਿਆ ਦੀ ਲੋੜ ਹੈ ਪਰ ਲੇਖਕ ਵਲੋਂ ਦਿੱਤੀ ਗਈ ਟਿਪਣੀ ਨਾਂਹ ਦੇ ਬਰਾਬਰ ਹੈ । ਉਸ ਨੇ ਕੇਵਲ ਗੁਰਬਾਣੀ ਸ਼ਬਦਾਂ ਦੀ ਅਚੂਕ ਸਚਾਈ ਨੂੰ ਹੀ ਪ੍ਰਮਾਣ ਵਜੋਂ ਵਰਤਿਆ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਭਗਤੀ ਪ੍ਰਧਾਨ ਬਾਣੀ ਹੈ ਅਤੇ ਗਿਆਨ ਭਗਤੀ ਦਾ ਹੀ ਇੱਕ ਅੰਗ ਹੈ । ਇਸ ਕਰਕੇ ਥਾਂ-ਥਾਂ ਉੱਤੇ ਇਸ ਵਿੱਚ ਗਿਆਨ ਦੇ ਅਨਮੋਲ ਸ਼ਬਦ ਰਤਨ ਮਿਲਦੇ ਹਨ ਜਿਨ੍ਹਾਂ ਨੂੰ ਕੱਢਣ ਲਈ ਗੁਰਬਾਣੀ ਦੇ ਮਹਾਨ ਗਿਆਨ ਸਾਗਰ ਵਿੱਚ ਬਾਰ-ਬਾਰ ਟੁੱਭੀਆਂ ਮਾਰਨ ਦੀ ਲੋੜ ਪੈਂਦੀ ਹੈ । ਹਥਲਾ ਗ੍ਰੰਥ ਲੇਖਕ ਦੇ ਉਨ੍ਹਾਂ ਉਪਰਾਲਿਆਂ ਦਾ ਹੀ ਨਤੀਜਾ ਹੈ । ਇਹ ਗ੍ਰੰਥ ਨਾ ਕੇਵਲ ਦੱਤਾਤ੍ਰੇਯ ਜੀ ਵੱਲੋਂ ਬੋਲੇ ਗੂੜ੍ਹ ਗਿਆਨ ਨੂੰ ਸਰਲ ਕਰਕੇ ਸਮਝਾਉਣ ਦਾ ਇੱਕ ਉਪਰਾਲਾ ਹੈ, ਇਹ ਸਾਡੇ ਗੁਰੂ ਸਾਹਿਬਾਨ ਅਤੇ ਭਗਤਾਂ ਦੇ ਕਹੇ ਸ਼ਬਦਾਂ ਦਾ ਸੰਗ੍ਰਹਿ ਵੀ ਹੈ ਜਿਸ ਕਰਕੇ ਗਿਆਨ ਦੇ ਚਾਹਵਾਨ ਅਤੇ ਗੁਰਬਾਣੀ ਪ੍ਰੇਮੀ ਇਸ ਨੂੰ ਪਸੰਦ ਕਰਨਗੇ ਅਤੇ ਇਸ ਤੋਂ ਲਾਹਾ ਲੈਣਗੇ ।