ਹਥਲੀ ਰਚਨਾ ਰਿਸ਼ੀ ਵੇਦ ਵਿਆਸ ਜੀ ਕ੍ਰਿਤ ਬ੍ਰਹਿਮੰਡ ਪੁਰਾਣ ਦੇ 61ਵੇਂ ਅਧਿਆਇ ਦੇ ਭਾਗ “ਅਧਿਆਤਮ ਰਾਮਾਇਣ” ਦਾ ਲਿੱਪੀ ਅੰਤਰਣ ਅਤੇ ਟੀਕਾ ਹੈ । ਦੇਵੀ ਪਾਰਵਤੀ ਜੀ ਨੇ ਸ੍ਰੀਰਾਮ-ਤੱਤ ਦੀ ਜਿਗਿਆਸਾ ਨਾਲ ਭਗਵਾਨ ਸ਼ੰਕਰ ਨੂੰ ਪ੍ਰਸ਼ਨ ਕੀਤਾ ਜਿਸ ਦੇ ਉੱਤਰ ਵਿੱਚ ਸ੍ਰੀ ਮਹਾਦੇਵ ਜੀ ਦੁਆਰਾ ਕੀਤੀ ਗਈ ਵਿਆਖਿਆ ਹੀ “ਅਧਿਆਤਮ ਰਾਮਾਇਣ” ਹੈ । ਅਧਿਆਤਮ ਰਾਮਾਇਣ ਵੇਦਾਂਤ ਗਿਆਨ ਦਾ ਭੰਡਾਰ ਹੈ ਅਤੇ ਹਰ ਕਾਂਡ ਵਿੱਚ ਅਧਿਆਤਮਕ ਪ੍ਰਸੰਗ ਹਨ ਜਿਨ੍ਹਾਂ ਦੁਆਰਾ ਵੱਖ ਵੱਖ ਪੱਖਾਂ ਤੋਂ ਵੇਦਾਂਤ ਗਿਆਨ ਅਤੇ ਸ੍ਰੀ ਰਾਮਚੰਦਰ ਦੇ ਪ੍ਰਤੱਖ ਈਸ਼ਵਰ ਅਵਤਾਰ ਹੋਣ ਸੰਬੰਧੀ ਚਾਨਣ ਪਾਇਆ ਗਿਆ ਹੈ । ਇਸ ਵਿਚ ਮੂਲ ਸੰਸਕ੍ਰਿਤ ਪਾਠ ਨਾਗਰੀ ਤੇ ਗੁਰਮੁਖੀ ਅੱਖਰਾਂ ਵਿਚ ਦੇ ਕੇ ਪਦ-ਅਰਥ, ਅਰਥ ਅਤੇ ਭਾਵ-ਅਰਥ ਦਿੱਤੇ ਗਏ ਹਨ । ਭਾਵ-ਅਰਥ ਵਿਆਖਿਆ ਸਮੇਂ ਗੁਰਬਾਣੀ ਰਤਨਾਂ ਦੁਆਰਾ ਵੀ ਭਾਵ ਉਜਾਗਰ ਕੀਤੇ ਗਏ ਹਨ ।