ਗੋਸੁਆਮੀ ਤੁਲਸੀਦਾਸ ਮਧਕਾਲੀਨ ਹਿੰਦੀ ਸਾਹਿਤ ਦਾ ਸ਼ਿਰੋਮਣੀ ਕਵੀ ਹੈ। ਇਹ ਰਚਨਾ ਤੁਲਸੀਦਾਸ ਦੇ ਕਾਵਿ-ਜਗਤ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ, ਜਿਸਨੂੰ ਲੇਖਕ ਨੇ ਬੜੀ ਲਗਨ ਤੇ ਮਿਹਨਤ ਨਾਲ ਸਿਰੇ ਚਾੜ੍ਹਿਆ ਹੈ। ਪੰਜਾਬ ਦੇ ਲੋਕ, ਬਾਕੀ ਭਾਰਤ ਵਾਂਗ, ਤੁਲਸੀਦਾਸ ਦੇ ਨਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਇਹ ਮਹਾਂ ਕਵੀ ਦੇ ‘ਰਾਮਚਰਿਤ ਮਾਨਸ’ ਨੂੰ ਭਾਰਤੀ ਸਮਾਜ ਵਿਚ ਸਤਿਕਾਰਯੋਗ ਸਥਾਨ ਪ੍ਰਾਪਤ ਹੈ। ਬਾਲਮੀਕ ਨੇ ਆਪਣੀ ਸੰਸਕ੍ਰਿਤ ‘ਰਾਮਾਇਣ’ ਵਿਚ ਸ੍ਰੀ ਰਾਮਚੰਦਰ ਨੂੰ ਨਰ ਦੇ ਰੂਪ ਵਿਚ ਮੂਰਤੀਮਾਨ ਕੀਤਾ ਹੈ, ਪਰੰਤੂ ਤੁਲਸੀਦਾਸ ਨੇ ਨਾਰਾਇਣ ਦੇ ਰੂਪ ਵਿਚ। ਤੁਲਸੀਦਾਸ ਨੇ ਰਾਮਚੰਦਰ ਨੂੰ ਮਰਯਾਦਾ-ਪੁਰਸ਼ੋਤਮ ਆਦਰਸ਼ ਰੂਪ ਵਿਚ ਚਿੱਤਰ ਕੇ ਮਨੁਖ ਜਾਤੀ ਲਈ ਇਕ ਨਵਾਂ ਆਦਰਸ਼ ਕਾਇਮ ਕੀਤਾ ਹੈ। ਗੋਸੁਆਮੀ ਤੁਲਸੀਦਾਸ ਦੇ ਇਸ ਮਹਾਨ ਗ੍ਰੰਥ ਵਿਚ ਸਮਕਾਲੀਨ ਸਮਾਜ ਦੇ ਯਥਾਰਥ ਰੂਪ ਦਾ ਭਰਪੂਰ ਚਿੱਤ੍ਰਣ ਹੈ।