ਖਾਲਸਾ ਪੰਥ ਦੀ ਸਾਜਣਾ ਦੇ ਦਿਨ ਤੋਂ ‘ਕਿਰਪਾਨ’ ਰਹਿਤ ਮਰਯਾਦਾ ਦਾ ਅਨਿੱਖੜਵਾਂ ਹਿੱਸਾ ਬਣੀ ਆ ਰਹੀ ਹੈ। ਹਰ ਅੰਮ੍ਰਿਤਧਾਰੀ ਸਿੰਘ ਲਈ, ਜਿਨ੍ਹਾਂ ਪੰਜ ਕਕਾਰਾਂ ਧਾਰਨ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ, ਉਹਨਾਂ ਵਿਚੋਂ ਇਕ ਕਿਰਪਾਨ ਸੀ। ਕਿਰਪਾਨ ਸ਼ਕਤੀ ਅਤੇ ਸਨਮਾਨਿਤ ਪਦਵੀ ਦਾ ਚਿੰਨ੍ਹ ਮੰਨੀ ਜਾਂਦੀ ਸੀ। ਇਹ ਹੀ ਕਾਰਨ ਸੀ ਕਿ ਖਾਲਸਾ ਪੰਥ ਵਿਚ ਸ਼ਾਮਲ ਹੋਣ ਵਾਲੇ ਹਰ ਪ੍ਰਾਣੀ ਨੂੰ ਹੀਣ ਭਾਵਨਾ ਤੋਂ ਮੁਕਤ ਕਰ ਕੇ ਉਸਨੂੰ ਸਵੈ ਅਤੇ ਗਊ-ਗਰੀਬ ਦੀ ਰਾਖੀ ਕਰਨ ਦੇ ਸਮਰੱਥ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੰਘ ਲਈ ਕਿਰਪਾਨ ਪਹਿਨਣਾ ਲਾਜ਼ਮੀ ਕੀਤਾ। 1849 ਵਿਚ ਅੰਗਰੇਜ਼ੀ ਹਕੂਮਤ ਸ਼ੁਰੂ ਹੋਈ ਤਾਂ ਸੂਰਬੀਰ ਸਿੱਖ ਕੌਮ ਦਾ ਕਿਰਪਾਨ ਪਹਿਨਣਾ ਸਰਕਾਰ ਨੂੰ ਪਸੰਦ ਨਹੀਂ ਸੀ। ਸਿੱਖਾਂ ਨੂੰ ਅਧੀਨਗੀ ਦਾ ਅਹਿਸਾਸ ਕਰਵਾਉਣ ਲਈ ਅੰਗਰੇਜ਼ ਸਰਕਾਰ ਨੇ ਪੰਜਾਬ ਦੇ ਵਸਨੀਕਾਂ ਨੂੰ ਕਿਰਪਾਨਾਂ ਅਤੇ ਹੋਰ ਹਥਿਆਰ ਅਧਿਕਾਰੀਆਂ ਦੇ ਹਵਾਲੇ ਕਰ ਦੇਣ ਦੀ ਹਦਾਇਤ ਕੀਤੀ ਅਤੇ ਅਜਿਹਾ ਨਾ ਕਰਨ ਵਾਲੇ ਨੂੰ ਦੰਡ ਦਾ ਭਾਗੀ ਐਲਾਨਿਆ। ਫਿਰ ਅੰਗਰੇਜ਼ ਸਰਕਾਰ ਨੇ ਹਥਿਆਰਾਂ ਨੂੰ ਦੇਣ-ਖਣੇ ਦੇ ਹੱਥ ਵਿਚ ਜਾਣ ਤੋਂ ਰੋਕਣ ਲਈ ਇੰਡੀਅਨ ਆਰਮਜ਼ ਐਕਟ-1878 ਲਾਗੂ ਕੀਤਾ। ਬੇਸ਼ੱਕ ਅੰਗਰੇਜ਼ ਸਰਕਾਰ ਕਿਰਪਾਨ ਪਹਿਨਣ ਵਾਲਿਆਂ ਵੱਲ ਕੈਰੀ ਨਜ਼ਰੀ ਨਾਲ ਦੇਖਦੀ ਸੀ, ਪਰ ਇਸ ਦੇ ਬਾਵਜੂਦ, ਇਹਨਾਂ ਸਮਿਆਂ ਦੌਰਾਨ ਵੀ ਨਿਹੰਗ ਅਤੇ ਕੁਝ ਹੋਰ ਸਿੱਖ ਵਡੀ ਕਿਰਪਾਨ ਪਹਿਨਦੇ ਰਹੇ। ਅਜਿਹੇ ਧਰਮੀ ਜਿਉੜਿਆਂ ਨੂੰ ਆਪਣੀ ਕਿਹੜੇ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਵੇਂ ਉਹਨਾਂ ਨੇ ਸਰਕਾਰੀ ਸਖਤੀਆਂ ਸਹਿੰਦਿਆਂ ਆਪਣੇ ਇਸ ਅਧਿਕਾਰ ਨੂੰ ਪ੍ਰਾਪਤ ਕੀਤਾ, ਇਸ ਦਾ ਵੇਰਵਾ ਇਸ ਪੁਸਤਕ ਵਿਚ ਵਿਸਥਾਰ ਸਹਿਤ ਦਰਜ ਹੈ। ਇਸ ਸੰਘਰਸ਼ਮਈ ਸਮੇਂ ਦੌਰਾਨ ਕਿਰਪਾਨ ਪਹਿਨਣ ਦੀ ਆਜ਼ਾਦੀ ਸੰਬੰਧੀ ਲਿਖੀਆਂ ਗਈਆਂ ਕਵਿਤਾਵਾਂ ਪੁਸਤਕ ਦੀ ਅੰਤਿਕਾ ਵਜੋਂ ਸ਼ਾਮਲ ਹੋਣ ਨਾਲ ਇਹ ਰਚਨਾ ਹਵਾਲਾ ਪੁਸਤਕ ਬਣ ਗਈ ਹੈ।