ਇਹ ਪੁਸਤਕ ਗੁਰੂ ਕੇ ਬਾਗ ਮੋਰਚੇ ਅਧੀਨ ਲੜੇ ਜਨਤਕ ਸੰਘਰਸ਼ ਦੇ ਇਤਿਹਾਸ ਨੂੰ ਬੜੀ ਸੂਝ ਤੇ ਸੁਚੱਜਤਾ ਨਾਲ ਪੁਨਰ ਸੁਰਜੀਤ ਕਰਦੀ ਹੈ। ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚਲੇ ਵਿਭਿੰਨ ਸੰਘਰਸ਼ਾਂ ਵਿਚ ‘ਮੋਰਚਾ ਗੁਰੂ ਕਾ ਬਾਗ’ ਗੁਰਦੁਆਰਿਆਂ ਦਾ ਪ੍ਰਬੰਧ ਇਨ੍ਹਾਂ ’ਤੇ ਕਬਜਾ ਜਮਾਈ ਬੈਠੇ ਮਹੰਤਾਂ ਨੂੰ ਵਿਸਥਾਪਤ ਕਰਕੇ ਸਿੱਖ ਸੰਗਤ ਦੇ ਚੁਣੇ ਪ੍ਰਤਿਨਿਧਾਂ ਦੇ ਸਪੁਰਦ ਕਰਨ ਦਾ ਹੰਭਲਾ ਸੀ। ਇਸ ਮੋਰਚੇ ਦਾ ਮੰਤਵ ਸਿੱਖ ਕੌਮ ਵਲੋਂ ਵਿਦੇਸ਼ੀ ਹਕੂਮਤ ਪ੍ਰਤਿ ਨਾਬਰੀ ਅਤੇ ਆਪਣੇ ਸਰੋਕਾਰਾਂ ਪ੍ਰਤਿ ਗੰਭੀਰਤਾ ਅਤੇ ਸ਼ਿੱਦਤ ਦਾ ਪ੍ਰਮਾਣ ਸੀ। ਡਾ. ਗੁਰਦੇਵ ਸਿੰਘ ਸਿੱਧੂ ਦੁਆਰਾ ਸੰਕਲਿਤ ਇਹ ਰੋਜ਼ਨਾਮਚਾ ਜਿੱਥੇ ਤਤਕਾਲੀ ਇਤਿਹਾਸ ਦੀ ਹੂਬਹੂ ਤਸਵੀਰ ਪੇਸ਼ ਕਰਦਾ ਹੈ, ਉਥੇ ਨਾਲ ਹੀ ਇਕ ਇਤਿਹਾਸਕ ਦੌਰ ਨੂੰ ਪ੍ਰਮਾਣਿਕ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਪੁਨਰ ਸੁਰਜੀਤ ਵੀ ਕਰਦਾ ਹੈ। ਇਤਿਹਾਸ ਦੇ ਇਸ ਦੌਰ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪਾਠਕਾਂ ਲਈ ਇਹ ਪੁਸਤਕ ਲਾਹੇਵੰਦ ਸਾਬਤ ਹੋਵੇਗੀ।