ਇਸ ਵਿਸ਼ਵਕੋਸ਼ ਦੇ ਹੋਂਦ ਵਿਚ ਆਉਣ ਦੀ ਆਪਣੀ ਦੀ ਦਾਸਤਾਨ ਹੈ । ਗੁਰਮਤਿ ਕਾਵਿ ਬਾਰੇ ਸੰਨ 1958 ਈ. ਤੋਂ ਪੀ-ਐਚ.ਡੀ. ਡਿਗਰੀ ਅਤੇ ਫਿਰ ਡੀ. ਲਿਟ੍ਰ ਡਿਗਰੀ ਲਈ ਕੀਤੀ ਨਿਰੰਤਰ ਖੋਜ ਅਤੇ ਸਾਧਨਾ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਗੁਰਬਾਣੀ ਜਾਂ ਗੁਰਮਤਿ ਸਾਹਿਤ ਸੰਬੰਧੀ ਕੋਈ ਹਵਾਲਾ ਗ੍ਰੰਥ ਤਿਆਰ ਕਰਾਂ, ਤਾਂ ਜੋ ਡਿਗਰੀਆਂ ਤੋਂ ਭਿੰਨ ਕੀਤੀ ਹੋਈ ਮੇਰੀ ਖੋਜ ਵੀ ਕੰਮ ਆ ਸਕੇ । ਉਦੋਂ ਤੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਖ ਵਖ ਪੱਖਾਂ ਸੰਬੰਧੀ ਇੰਦਰਾਜ ਲਿਖ ਕੇ ਫਾਈਲਾਂ ਵਿਚ ਸਮੇਟਣੇ ਸ਼ੁਰੂ ਕਰ ਦਿੱਤੇ । ਉਨ੍ਹਾਂ ਦਿਨਾਂ ਵਿਚ ਹੀ ਪ੍ਰੋ. ਹਰਬੰਸ ਸਿੰਘ ਨੇ ‘ਐਨਸਾਈਕਲੋਪੀਡੀਆ ਆਫ਼ ਸਿਖਿਜ਼ਮ’ ਦੀ ਪ੍ਰੋਜੈਕਟ ਉਤੇ ਕੰਮ ਸ਼ੁਰੂ ਕਰ ਦਿੱਤਾ ਸੀ । ਉਸ ਲਈ ਮੈਂ ਵੀ ਕਈ ਇੰਦਰਾਜ ਲਿਖੇ । ਉਨ੍ਹਾਂ ਇੰਦਰਾਜਾਂ ਤੋਂ ਪ੍ਰੇਰਿਤ ਹੋ ਕੇ ਮੇਰੇ ਮਨ ਵਿਚ ਵੀ ਸਿੱਖ ਪੰਥ, ਸਮਾਜ, ਇਤਿਹਾਸ, ਸਾਹਿਤ ਆਦਿ ਪੱਖਾਂ ਬਾਰੇ ਇੰਦਰਾਜ ਲਿਖਣ ਦੀ ਰੁਚੀ ਪੈਦਾ ਹੋ ਗਈ । ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖ ਪੰਥ ਨਾਲ ਸੰਬੰਧਿਤ ਬੇਸ਼ੁਮਾਰ ਇੰਦਰਾਜ ਵੀ ਲਿਖਦਾ ਰਿਹਾ । ਲਗਭਗ 25 ਸਾਲਾਂ ਵਿਚ ਲਿਖੇ ਇੰਦਰਾਜਾਂ ਨੂੰ ਕੋਈ ਸਰੂਪ ਦੇਣ ਲਈ ਅਜੇ ਕੰਮ ਸ਼ੁਰੂ ਕੀਤਾ ਹੀ ਸੀ ਕਿ ਸੰਨ 1997 ਈ. ਦੇ ਉਤਰਾਰਧ ਵਿਚ ਮੈਂ ਦਸਮ ਗ੍ਰੰਥ ਦਾ ਟੀਕਾ ਤਿਆਰ ਕਰਨ ਵਿਚ ਰੁਝ ਗਿਆ । ਆਪਣੀ ਪਤਨੀ ਦੇ ਸਹਿਯੋਗ ਨਾਲ ਟੀਕੇ ਦਾ ਕੰਮ ਫਰਵਰੀ 2000 ਈ. ਵਿਚ ਮੁਕਿਆ । ਉਸ ਤੋਂ ਬਾਦ ਮੈਂ ਫਿਰ ਇੰਦਰਾਜਾਂ ਨੂੰ ਵਿਵਸਥਿਤ ਰੂਪ ਦੇਣ ਵਲ ਰੁਚਿਤ ਹੋਇਆ । ਪਰ ਇੰਦਰਾਜ ਬੇਸ਼ੁਮਾਰ ਸਨ, ਉਨ੍ਹਾਂ ਸਾਰਿਆ ਨੂੰ ਇਕ ਵਿਸ਼ਵਕੋਸ਼ ਵਿਚ ਸਮੇਟਣਾ ਸਰਲ ਨ ਲਗਿਆ । ਇਸ ਲਈ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਇੰਦਰਾਜਾਂ ਨੂੰ ਸੁਤੰਤਰ ਵਿਸ਼ਵਕੋਸ਼ ਦਾ ਰੂਪ ਦੇਣਾ ਉਚਿਤ ਸਮਝਿਆ ਅਤੇ ਇਸ ਤਰ੍ਹਾਂ ਲਗਭਗ 1700 ਇੰਦਰਾਜਾਂ ਦਾ ‘ਗੁਰੂ ਗ੍ਰੰਥ ਵਿਸ਼ਵਕੋਸ਼’ ਤਿਆਰ ਹੋ ਗਿਆ ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸੰਨ 2002 ਈ. ਵਿਚ ਦੋ ਭਾਗਾਂ ਵਿਚ ਪ੍ਰਕਾਸ਼ਿਤ ਕਰ ਦਿੱਤਾ ਗਿਆ ।