ਇਸ ਖੋਜ ਕਾਰਜ ਵਿੱਚ ਲੇਖਕ ਉਸ ਕੌਮ ਦੇ ਇਤਿਹਾਸਕ ਵਰਤਾਰੇ ਬਾਰੇ ਵਿਚਾਰ ਕਰ ਰਹੇ ਹਨ ਜਿਹੜੀ ਮਨੁੱਖੀ ਇਤਿਹਾਸ ਵਿੱਚ ਇੱਕ ਵਿਕਾਸ ਯਾਤਰਾ ਦੌਰਾਨ ਪਲ਼ੀ ਅਤੇ ਜਵਾਨ ਹੋਈ ਹੈ। ਅਜਿਹੀਆਂ ਕੌਮਾਂ ਦਾ ਜਨਮ ਕਿਵੇਂ ਹੋਇਆ, ਉਨ੍ਹਾਂ ਵਿੱਚ ਆਪਣੇ ਆਪ ਨੂੰ ਇੱਕ ਕੌਮੀ ਸਮੂਹ ਦੇ ਤੌਰ ਉੱਤੇ ਜਾਣਨ ਅਤੇ ਸਮਝਣ ਦੀ ਸੋਝੀ ਕਿਵੇਂ ਪੈਦਾ ਹੋਈ। ਉਨ੍ਹਾਂ ਨੇ ਆਪਣੇ ਕੌਮੀ ਸਮੂਹ ਨੂੰ ਆਪਣੇ ਵਿਰੋਧੀਆਂ ਅਤੇ ਦੁਸ਼ਮਣਾਂ ਦੇ ਸਿਆਸੀ, ਸੱਭਿਆਚਾਰਕ, ਵਿਚਾਰਧਾਰਕ ਅਤੇ ਫ਼ੌਜੀ ਹਮਲਿਆਂ ਤੋਂ ਕਿਵੇਂ ਬਚਾ ਕੇ ਰੱਖਿਆ ਅਤੇ ਅੰਤ ਨੂੰ ਕਿਵੇਂ ਆਪਣੀ ਹੋਂਦ ਸੁਰਖ਼ਰੂ ਕੀਤੀ ਜਾਂ ਆਪਣੀ ਸਟੇਟ ਸਿਰਜ ਲਈ। ਜਿਹੜੀਆਂ ਕੌਮਾਂ ਵਿੱਚ ਆਪਣੇ ਸਾਂਝੇ ਇਤਿਹਾਸ ਦੀ ਵਿਰਾਸਤ ਦੀ ਅਣਹੋਂਦ ਕਾਰਨ ਕੌਮੀ ਇੱਕਮੁੱਠਤਾ ਤੀਬਰ ਦਰਜੇ ਦੀ ਨਹੀਂ ਹੁੰਦੀ ਉਹ ਕਿਵੇਂ ਆਪਣੀ ਹੋਂਦ ਗਵਾ ਕੇ ਦੁਸ਼ਮਣ ਕੌਮ ਦੀਆਂ ਸਫ਼ਾਂ ਵਿੱਚ ਜਜ਼ਬ ਹੋ ਜਾਂਦੀਆਂ ਹਨ। ਇਸ ਇਤਿਹਾਸਕ ਅਮਲ ਬਾਰੇ ਇਸ ਖੋਜ ਕਾਰਜ ਵਿੱਚ ਚਰਚਾ ਕਰਨ ਦਾ ਯਤਨ ਕੀਤਾ ਗਿਆ ਹੈ।