ਇਹ ਲੇਖ ਸੰਗ੍ਰਹਿ ਇਕ ਪ੍ਰਬੁੱਧ ਤੇ ਮੌਲਿਕ ਸਿੱਖ ਵਿਦਵਾਨ ਦੀ ਸਿੱਖ ਸਰੋਕਾਰਾਂ ਸੰਬੰਧੀ ਪ੍ਰਤਿਕਿਰਿਆ ਹੈ, ਜਿਸ ਵਿਚ ਦਾਰਸ਼ਨਿਕ ਗਹਿਰਾਈ ਵੀ ਹੈ ਤੇ ਮੁੱਦੇ ਦੇ ਹਰ ਨੁਕਤੇ ਤਕ ਰਸਾਈ ਵੀ । ਲੇਖਕ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੇ ਫ਼ੌਰੀ ਰਾਜਨੀਤਕ ਕਾਰਨਾਂ ਤੋਂ ਪਾਰ ਲੰਘ ਕੇ ਇਸ ਵਰਤਾਰੇ ਦੀਆਂ ਪੱਛਮੀ ਤੇ ਬ੍ਰਾਹਮਣੀ ਚਿੰਤਨ ਧਾਰਾਵਾਂ ਨਾਲ ਜੁੜੀਆਂ ਅਦ੍ਰਿਸ਼ਟ ਤੰਦਾਂ ਦੀ ਨਿਸ਼ਾਨਦੇਹੀ ਕਰਦਾ ਹੈ । ਉਹ ਸਿੱਧ ਕਰਦਾ ਹੈ ਕਿ ਸਾਮੀ ਧਰਮਾਂ ਅਤੇ ਬ੍ਰਾਹਮਣੀ ਧਰਮ ਪਰੰਪਰਾ ਦੇ ਉਲਟ, ਪਰਮ ਸ਼ਕਤੀ ਦਾ ਜੋ ਸੰਕਲਪ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਪ੍ਰਗਟ ਹੁੰਦਾ ਹੈ , ਉਹ ਕਿਸੇ ਇਕ ਸੰਕਲਪ ਉੱਤੇ ਆਧਾਰਿਤ ਨਹੀਂ ਹੈ । ਵਿਦਵਾਨ ਲੇਖਕ ਇਸ ਨਿਸਚਿਤ ਨਿਰਣੇ ’ਤੇ ਅੱਪੜਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੁੰਦਾ ਵਿਸਮਾਦੀ ਚਿੰਤਨ ਅਤੇ ਅਭਿਆਸ ਪੰਜਾਬ ਦੀ ਵੱਡੀ ਪ੍ਰਾਪਤੀ ਹੈ । ਇਸ ਤਰ੍ਹਾਂ ਇਹ ਰਚਨਾ ਵਿਸ਼ਵ ਚਿੰਤਨ ਦੇ ਪ੍ਰਸੰਗ ਵਿਚ ਸਿੱਖ ਚਿੰਤਨ ਦੇ ਗੌਰਵ ਨੂੰ ਉਜਾਗਰ ਵੀ ਕਰਦੀ ਹੈ ਤੇ ਇਸ ਦੇ ਮੌਲਿਕ ਤੇ ਵਿਲੱਖਣ ਪਹਿਲੂਆਂ ਨਾਲ ਸਾਂਝ ਵੀ ਪਵਾਉਂਦੀ ਹੈ ।