ਇਸ ਪੁਸਤਕ ਵਿਚ ਕੁਝ ਉੱਚ ਦੁਮਾਲੜੇ ਸਿੱਖ ਜਰਨੈਲਾਂ ਦੇ ਅਦਭੁੱਤ ਤੇ ਲਾਸਾਨੀ ਕਾਰਨਾਮਿਆਂ ਬਾਰੇ 17 ਲੇਖ ਸ਼ਾਮਲ ਕੀਤੇ ਗਏ ਹਨ । ਹਰ ਲੇਖ ਵਿਚ ਇਕ ਇਕ ਅਜਿਹੇ ਜਰਨੈਲ ਦਾ ਰੌਚਿਕ ਬਿਰਤਾਂਤ ਹੈ, ਜਿਨ੍ਹਾਂ ਨੇ “ਜਬੈ ਬਾਣ ਲਾਗਯੋ ॥ ਤਬੈ ਰੋਸ ਜਾਗਯੋ ॥” ਅਤੇ “ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ” ਦੇ ਉੱਤਮ ਜੀਵਨ-ਸਿਧਾਂਤ ਉੱਤੇ ਚੱਲਦਿਆਂ ਅਦਭੁੱਤ ਕਾਰਨਾਮੇ ਕੀਤੇ । ਇਨ੍ਹਾਂ ਲੇਖਾਂ ਵਿਚ ਇਨ੍ਹਾਂ ਮਹਾਨ ਜਰਨੈਲਾਂ ਦੇ ਜੀਵਨ, ਕੁਰਬਾਨੀਆਂ, ਬੇਮਿਸਾਲ ਕਾਰਨਾਮਿਆਂ ਦੇ ਵਰਣਨ ਦੇ ਨਾਲ ਉਨ੍ਹਾਂ ਦੇ ਬੇਜੋੜ ਹੌਂਸਲੇ, ਹਿੰਮਤ, ਪਰਮ ਸ੍ਰੇਸ਼ਟ ਬਹਾਦਰੀ, ਉੱਚਤਮ ਦਿਲਾਵਰੀ, ਪਰਉਪਕਾਰਤਾ, ਸਦਾਚਾਰਕ ਪ੍ਰਤਿਬੱਧਤਾ, “ਅਪਨਾ ਬਿਗਾਰਿ ਬਿਰਾਂਨਾ ਸਾਂਢੈ” ਆਦਿ ਦੇ ਸੰਸਾਰਕ ਅਤੇ ਰੂਹਾਨੀ ਸਦਗੁਣਾਂ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਵਿਚ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਮਹਾਨ ਸੂਰਮਿਆਂ, ਦੇਸ਼ ਭਗਤਾਂ, ਲਾਸਾਨੀ ਸੂਰਬੀਰ ਜਰਨੈਲਾਂ ਬਾਰੇ ਜਨ-ਸਾਧਾਰਨ ਜਾਗਰੂਕ ਹੋ ਸਕੇ । ਇਹ ਪੁਸਤਕ ਸਿੱਖ ਵਿਰਾਸਤ ਦੇ ਮਾਣਮੱਤੇ ਤੇ ਗੌਰਵਸ਼ੀਲ ਪੱਖ ਨੂੰ ਉਘਾੜਨ ਦਾ ਨਿਵੇਕਲਾ ਉੱਦਮ ਹੈ, ਜੋ ਪਾਠਕ ਨੂੰ ਗੁਰਸਿੱਖੀ ਦੀਆਂ ਰੂਹਾਨੀ ਬਖ਼ਸ਼ਿਸ਼ਾਂ ਦੇ ਪ੍ਰਤੱਖ ਦਰਸ਼ਨ ਕਰਵਾਉਂਦੀ ਹੈ ।