ਇਸ ਪੁਸਤਕ ਵਿਚ ਕੁਲ 12 ਸਿਰਲੇਖ ਹਨ, ਜਿਨ੍ਹਾਂ ਵਿਚੋਂ ਪਹਿਲੇ ਛੇਆਂ ਵਿਚ ਪੰਜਾ ਖੰਡਾਂ ਦਾ ਨਿਰਣਾ ਹੈ । ਸਤਵੇਂ ਅੰਕ ਵਿਚ ਦਸਿਆ ਹੈ ਕਿ ਅਕਾਲ ਪੁਰਖ ਸਚਖੰਡ ਵਸਦਾ ਹੋਇਆ ਭੀ ਸੂਰਜ ਦੇ ਦ੍ਰਿਸ਼ਟਾਂਤ ਵਾਂਗ ਸਰਬ ਵਿਆਪਕ ਹੈ । ਅਠਵੇਂ ਅੰਕ ਵਿਚ ਇਹ ਪ੍ਰਗਟ ਕੀਤਾ ਹੈ ਕਿ ਸਚਖੰਡ ਦਾ ਏਸ ਦੁਨੀਆਂ ਵਿਚ ਨਜ਼ਾਰਾ ਕਿਵੇਂ ਦੇਖ ਸਕੀਦਾ ਹੈ । ਨੌਵੇਂ ਅੰਕ ਵਿਚ ਦਸਿਆ ਹੈ ਕਿ ਸੁਰਗ ਬੈਕੁੰਠਾਂ ਬਹਿਸ਼ਤਾਂ, ਸਚਖੰਡ ਦੇ ਦਰਸ-ਪ੍ਰੇਮੀਆਂ ਨੂੰ ਨੀਵੀਆਂ ਹੀ ਰਹਿ ਜਾਂਦੀਆਂ ਹਨ । ਲੋਕ-ਉਕਤੀ ਬੈਕੁੰਠ ਤੇ ਸਚੇ ਬੈਕੁੰਠ ਸਚਖੰਡ ਦੋਹਾਂ ਦਾ ਫ਼ਰਕ ਦਸਿਆ ਹੈ । ਦਸਵੇਂ ਅੰਕ ਵਿਚ ਦਸਮ ਦੁਆਰ ਰਾਹੀਂ ਸਚਖੰਡ ਪ੍ਰਾਪਤੀ ਦੇ ਅਨੰਦ ਦੀ ਵਿਆਖਿਆ ਕੀਤੀ ਹੈ । ਗਿਆਰਵੇਂ ਅੰਕ ਵਿਚ ਬਿਆਨ ਕੀਤਾ ਹੈ ਕਿ ਗੁਰਬਾਣੀ ਤੇ ਭਾਈ ਗੁਰਦਾਸ ਜੀ ਦੀ ਬਾਣੀ ਵਿਚ ਸਾਧ ਸੰਗਤ ਨੂੰ ਕਿਉਂ ਸਚਖੰਡ ਕਿਹਾ ਹੈ, ਬਾਰਵੇਂ ਅੰਕ ਵਿਚ ਸਚਖੰਡ ਦੀ ਡਬ ਤੇ ਉਥੇ ਦੇ ਦਰਸ਼ਨ ਦਾ ਅਨੰਦ ਅਤੇ ਉਥੇ ਵਸਣਹਾਰਿਆਂ ਦੀ ਅਵਸਥਾ ਦਾ ਗੁਰ-ਪ੍ਰਮਾਣਾਂ ਦੀ ਓਟ ਵਿਚ ਜ਼ਿਕਰ ਕੀਤਾ ਹੈ ।