ਪੰਜਾਬੀ ਸਾਹਿਤ ਵਿੱਚ ਵਾਰ-ਕਾਵਿ ਦੀ ਇਕ ਬਲਵਾਨ ਪਰੰਪਰਾ ਮੌਜੂਦ ਹੈ । ਵੀਰ-ਯੋਧਿਆਂ ਦੀ ਧਰਤੀ ਪੰਜਾਬ ਉੱਤੇ ਅਨੇਕਾਂ ਨਾਇਕਾਂ ਨੇ ਆਪਣੀ ਸੂਰਮਗਤੀ ਦੇ ਜੌਹਰ ਵਿਖਾਏ, ਜਿਨ੍ਹਾਂ ਨੂੰ ਵਾਰਕਾਰ ਅਪਣੀਆਂ ਵਾਰਾਂ ਵਿਚ ਸ਼ਬਦ-ਚਿਤਰਾਂ ਰਾਹੀਂ ਸਾਕਾਰ ਕਰਦੇ ਰਹੇ ਹਨ । ਇਨ੍ਹਾਂ ਵਾਰਾਂ ਨੂੰ ਢਾਡੀ ਬੜੇ ਜੋਸ਼ ਤੇ ਵਜਦ ਨਾਲ ਗਾਉਂਦੇ ਹਨ ਅਤੇ ਸਰੋਤਿਆਂ ਵਿਚ ਬੀਰ ਰਸ ਦੇ ਵਲਵਲੇ ਜਗਾਂਦੇ ਹਨ । ਇਸ ਸੰਗ੍ਰਹਿ ਵਿਚ ਭਾਸ਼ਾ ਤੇ ਸਾਹਿਤਕ ਪੱਖ ਤੋਂ 60 ਉਤਕ੍ਰਿਸ਼ਟ ਤੇ ਪ੍ਰਤੀਨਿਧ ਪੰਜਾਬੀ ਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕਈ ਵਾਰਾਂ ਤਾਂ ਪਹਿਲੀ ਵਾਰ ਇਸੇ ਸੰਗ੍ਰਹਿ ਰਾਹੀਂ ਹੀ ਪੰਜਾਬੀ ਜਗਤ ਵਿਚ ਪ੍ਰਕਾਸ਼ਮਾਨ ਹੋਈਆਂ ਹਨ । ਪੁਸਤਕ ਦੇ ਆਰੰਭ ਵਿਚ ਪੰਜਾਬੀ ਵਾਰ-ਕਾਵਿ ਦੇ ਸਰੂਪ ਤੇ ਇਤਿਹਾਸ ਬਾਰੇ ਲਾਭਦਾਇਕ ਤੇ ਸੰਤੁਲਿਤ ਜਾਣਕਾਰੀ ਦਿੱਤੀ ਹੈ । ਇਸ ਤਰ੍ਹਾਂ ਇਹ ਸੰਗ੍ਰਹਿ ਪੰਜਾਬੀ ਦੇ ਇਸ ਮਹੱਤਵਪੂਰਣ ਕਲਾਸਕੀ ਸਾਹਿਤ ਨੂੰ ਸੰਭਾਲਣ ਤੇ ਪ੍ਰਸਤੁਤ ਕਰਨ ਦਾ ਇਕ ਪ੍ਰਮਾਣਿਕ ਯਤਨ ਹੈ ।