ਮੁਗ਼ਲਾਂ, ਪਠਾਣਾਂ, ਅਫਗਾਨਾਂ, ਗ਼ਜ਼ਨਵੀਆਂ, ਗੌਰੀਆਂ ਤੇ ਹੋਰ ਖਬਰੇ ਕਿੰਨੇ ਕਿੰਨੇ ਆਕ੍ਰਮਣਕਾਰਾਂ ਨੇ ਨਾ ਕੇਵਲ ਪੰਜਾਬੀ ਰਾਹੀਂ ਹਿੰਦੋਸਤਾਨ ਵਿਚ ਪ੍ਰਵੇਸ਼ ਕੀਤਾ ਬਲਕਿ ਹਿੰਦੋਸਤਾਨ ਵਿਚ ਲੁੱਟ ਮਾਰ ਕਰਨ ਤੋਂ ਪਹਿਲਾਂ ਪੰਜਾਬ ਨੂੰ ਲਤਾੜਿਆ। ਇਹਨਾਂ ਸਭਨਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪੰਜਾਬੀਆਂ ਦਾ ਇਕ ਵਰਗ ਸ਼ਸਤ੍ਰੀਧਾਰ ਹੋ ਕੇ ਡਟ ਗਿਆ ਤੇ ਇਸ ਵਰਗ ਵਿਚ ਨਾਮੀ ਯੋਧੇ, ਧਰਮਵੀਰ ਤੇ ਪਰਸੁਆਰਥ ਦੀ ਮੂਰਤ, - ਸਿੱਖ ਦਾ ਆਦਰਸ਼ ਵਜੂਦ ਵਿਚ ਆਇਆ। ਦਸਮੇਸ਼ ਪਿਤਾ, ਚਾਰੇ ਸਾਹਿਬਜ਼ਾਦੇ, ਬਾਬਾ ਬੰਦਾ ਬਹਾਦਰ, ਦੀਪ ਸਿੰਘ, ਆਦਿ ਅਨੇਕ ਅਦੁੱਤੀ ਵਿਅਕਤੀ ਏਸੇ ਆਦਰਸ਼ਕ ਵਜੂਦ ਦੇ ਭਿੰਨ ਭਿੰਨ ਨਾਂ ਸਨ ਜਿਸ ਕਰਕੇ ਇਹਨਾਂ ਬਾਰੇ ਸਭ ਤੋਂ ਵੱਧ ਜੰਗਨਾਮੇ ਲਿਖੇ ਗਏ ਅਤੇ ਇਹਨਾਂ ਸਭਨਾਂ ਨੂੰ ਜਿਹਨਾਂ ਭਿੰਨ ਭਿੰਨ ਕਵੀਆਂ, ਕਵੀਸ਼ਰਾਂ ਤੇ ਲੋਕਾਈ ਦੇ ਮਹਿਬੂਬ ਸ਼ਾਇਰਾ ਨੇ ਲਿਖਿਆ ਜਾਂ ਗਾਇਆ ਉਨ੍ਹਾਂ ਸਭਨਾਂ ਦੇ ਵੇਰਵੇ ਪੂਰਣ ਅਧਿਐਨ ਇਸ ਕੋਸ਼ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕੋਸ਼ ਵਿਚ ਉਹ ਇਤਿਹਾਸਿਕ ਤੇ ਪੁਰਾਣਿਕ ਸੰਕੇਤ ਵੀ ਸ਼ਾਮਿਲ ਕੀਤੇ ਗਏ ਹਨ ਜਿੰਨ੍ਹਾਂ ਨੂੰ ਜੰਗਨਾਮਾਕਾਰਾਂ ਨੇ ਜਾਂ ਤਾਂ ਹਮਦਾਂ, ਨਾਅਤਾਂ ਆਦਿ ਵਿਚ, ਮੁਸਲਮਾਨ ਹੋਣ ਦੇ ਨਾਤੇ, ਵਰਤਿਆ ਹੈ,ਜਾਂ ਹਿੰਦੂ ਹੋਣ ਕਾਰਣ ਦੇਵੀਆਂ ਦੇਵਤਿਆਂ ਦੇ ਮੰਗਲਾਚਰਨਾਂ ਵਿਚ ਜਾਂ ਸਿੱਖ ਹੋਣ ਕਰਕੇ ਅਕਾਲਪੁਰਖ ਪ੍ਰਤਿ ਅਰਦਾਸ ਕਰਨ ਜਾਂ ਗੁਰੂ ਸਾਹਿਬਾਨ ਤੋਂ ਕਵਿਤਾ ਦੀ ਦਾਤ ਮੰਗਣ ਲਈ ਵਰਤਿਆ ਹੈ। ਇਹ ਕੋਸ਼ ਪੰਜਾਬੀ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੀਆਂ ਕਈ ਪੀੜ੍ਹੀਆਂ ਲਈ ਅਤਿ ਲਾਭਕਾਰੀ ਸਿੱਧ ਹੋਵੇਗਾ