ਲੇਖਕ ਨੇ ਇਸ ਪੁਸਤਕ ਰਾਹੀਂ ਨੈਤਿਕਤਾ ਦੇ ਮਹੱਤਵ ਨੂੰ ਦ੍ਰਿੜਾਉਂਦਿਆਂ, ਇਸ ਪੱਖੋਂ ਪੂਰਬ ਤੇ ਪੱਛਮ ਦੀ ਤੁਲਨਾ ਕਰਦਿਆਂ, ਭਾਰਤੀ ਅਨੈਤਿਕਤਾ ਦਾ ਪ੍ਰਗਤੀਸ਼ੀਲ ਦੇਸ਼ਾਂ ਦੀ ਨੈਤਿਕਤਾ ਨਾਲ ਟਾਕਰਾ ਕਰਦਿਆਂ, ਧੁਰ ਅੰਦਰੋਂ ਇਹ ਵੀ ਚਾਹਿਆ ਹੈ ਕਿ ਸਾਡਾ ‘ਭਾਰਤ ਮਹਾਨ’ ਵੀ ਅਕਲ ਦੀ ਕੋਈ ਚੁਟਕੀ ਪੱਲ੍ਹੇ ਬੰਨ੍ਹ ਸਕੇ । ਜੀਵਨ ਦਾ ਲੰਮਾ ਅਭਿਆਸ, ਸਹਿਯੋਗਤਾ ਦੀ ਲੋੜ ਅਤੇ ਸਹਿਵਾਸ ਦੀ ਇੱਛਾ ਵਰਗੇ ਹੀ ਕੁਝ ਗੁਣ ਹਨ, ਜੋ ਨੈਤਿਕਤਾ ਨੂੰ ਜਨਮਦੇ, ਪਾਲਦੇ, ਦੁਲਾਰਦੇ ਤੇ ਪਿਆਰਦੇ ਹਨ, ਜੋ ‘ਆਦਮੀ’ ਨੂੰ ‘ਇਨਸਾਨ’ ਬਣਾਉਂਦੇ ਹਨ । ਲੇਖਕ ਨੇ ਇਸ ਭਾਵਨਾ ਨੂੰ ਵਿਦਵਤਾਪੂਰਨ ਢੰਗ ਨਾਲ ਵਿਸਥਾਰਿਆ ਹੈ । ਉਹਨਾਂ ਦੀ ਵਿਦਵਤਾ ਅਸੀਮ ਹੈ, ਜਾਣਕਾਰੀ ਦਾ ਸਾਗਰ ਬਹੁਤ ਵਿਸ਼ਾਲ ਹੈ, ਬੜਾ ਡੂੰਘਾ ਵੀ ਹੈ ।