ਇਹ ਸਿਰਫ਼ ਲੇਖਕ ਦਾ ਹੀ ਗਿਲਾ ਨਹੀਂ; ਹੋਰ ਥੌੜ੍ਹੇ ਸਮੇਂ ਪਿਛੋਂ ਸਾਰੇ ਪੰਜਾਬ ਦਾ ਗਿਲਾ ਹੋ ਜਾਣਾ ਹੈ । ਇਕ ਆਰਥਿਕ ਮਜਬੂਰੀ ਤੁਹਾਨੂੰ ਆਈ, ਤੁਹਾਨੂੰ ਰੋਜ਼ਗਾਰ ਲਈ ਬਾਹਰ ਜਾਣਾ ਪੈ ਗਿਆ । ਮਜਬੂਰੀ ਖਤਮ ਹੋਣ ਤੇ ਵੀ ਤੁਸੀਂ ਓਥੋਂ ਦੇ ਹੋ ਕੇ ਰਹਿ ਗਏ । ਇਸ ਵਿਚ ਪੰਜਾਬ ਦਾ ਕੀ ਦੋਸ਼ ਐ ? ਪੰਜਾਬ ਤਾਂ ਅੱਜ ਵੀ ਕਰਮਾਂ ਮਾਰਿਆ, ਅੱਧੇ ਹਿੰਦੋਸਤਾਨ ਨੂੰ ਰੱਜਵੀਂ ਰੋਟੀ ਦੇ ਰਿਹਾ ਹੈ । ਤੁਹਾਡੇ ਸਦਾ ਲਈ ਬਾਹਰ ਹੀ ਡੇਰੇ ਲਾ ਲੈਣ ਪਿਛੋਂ ਪੰਜਾਬ ਦਾ ਕੀ ਬਣੇਗਾ ? ਇਹ ਤੁਸਾਂ ਕਿਉਂ ਨਹੀਂ ਸੋਚਿਆ ? ਜੇਕਰ ਤੁਸਾਂ ਪੰਜਾਬ ਤੋਂ ਸਦਾ ਲਈ ਮੁੱਖ ਮੋੜ ਲਿਆ ਹੈ; ਇਹਦਾ ਹਸ਼ਰ ਕੀ ਹੋਵੇਗਾ, ਇਹ ਸੋਚਿਆ ਹੈ ?