ਅਜਮੇਰ ਔਲਖ ਦੇ ਨਾਟਕ ਸਮਾਜ ਦੇ ਨਿਮਨ ਵਰਗ ਦੀਆਂ ਲੋੜਾਂ ਥੋੜਾਂ ਦੀ ਗੱਲ ਕਰਦੇ ਹੋਏ ਲੋਕਾਂ ਦੀ ਦਰਦ ਭਰੀ ਅਰਜ਼ੋਈ ਤੋਂ ਸ਼ੁਰੂ ਹੋ ਕੇ ਉਹਨਾਂ ਦੇ ਮਨਾਂ ਅੰਦਰਲੀ ਭਖਦੀ ਲਲਕਾਰ ਬਣਦੇ ਹਨ । ਨਾਟਕੀ ਘਟਨਾਵਾਂ ਦੇ ਟਕਰਾਅ ਅਤੇ ਪਰਿਵਾਰਕ ਰਿਸ਼ਤਿਆਂ ਦੀ ਵਾਰਤਾਲਾਪੀ ਬਣਤਰ ਅਤੇ ਨਾਪਤੋਲ ਨੂੰ ਬਰਕਰਾਰ ਰੱਖਕੇ ਪੇਸ਼ਕਾਰੀ ਨੂੰ ਲੋਕਾਂ ਦੇ ਹਾਣ ਦਾ ਬਨਾਉਣਾ ਔਲਖ ਸਾਹਿਬ ਦੀ ਨਾਟਕਕਾਰੀ ਦਾ ਅਜਿਹਾ ਅਮੀਰੀ ਗੁਣ ਹੈ, ਜਿਸ ਕਰਕੇ ਲੋਕ ਵਹੀਰਾਂ ਘੱਤ ਕੇ ਵੇਖਣ ਜਾਂਦੇ ਹਨ ਅਤੇ ਜਾਂਦੇ ਰਹਿਣਗੇ।