ਕੰਵਲ ਨੇ ਇਸ ਨਾਵਲ ਵਿਚ ਇਹ ਦਰਸਾਇਆ ਹੈ ਕਿ ਜਕੜਬੰਦ ਦੀਆਂ ਸੰਗਲੀਆਂ ਮਜ਼ਬੂਤ ਤਾਂ ਹਨ ਪਰ ਜੇਕਰ ਇਹਨਾਂ ਨੂੰ ਤੋੜਨ ਵਾਸਤੇ ਇਰਾਦਾ ਭੀ ਲੋਹੇ ਵਰਗਾ ਮਜ਼ਬੂਤ ਹੋਵੇ ਤਾਂ ਬੰਦ ਖਲਾਸੀ ਦੇ ਰਾਹ ਵਿਚਲੀਆਂ ਰੁਕਾਵਟਾਂ ਆਪਣੇ ਆਪ ਦੂਰ ਹੁੰਦੀਆਂ ਜਾਣਗੀਆਂ । ਇਸ ਨਾਵਲ ਦਾ ਨਾਇਕ ਗੁਰਬੀਰ ਆਪਣੀ ਯਤੀਮੀ ਆਪਣੇ ਨਾਨਕੀਂ ਬਿਤਾ ਰਿਹਾ ਆਪਣੇ ਮਾਮੇ ਦੇ ਧਾਰਮਕ ਸੁਭਾ ਵਿਚ ਢਲ ਗਿਆ ਸੀ । ਪਰ ਮਾਮੇ ਦੀ ਮੌਤ ਉਪਰੰਤ ਉਸ ਨੂੰ ਆਪਣੇ ਕਸਾਈ ਚਾਚਿਆਂ ਦੀ ਸ਼ਰਨ ਲੈਣੀ ਪਈ ਜਿਹੜੇ ਉਸ ਦੇ ਹਿੱਸੇ ਦੀ ਜ਼ਮੀਨ ਹੜੱਪ ਕਰੀ ਬੈਠੇ ਸਨ ਅਤੇ ਅਫੀਮ ਦੇ ਧੰਦੇ ਵਿਚ ਹੱਥ ਭੀ ਰੰਗਦੇ ਹਨ । ਅਜਿਹੇ ਨਿਰਦਈ ਚਾਚਿਆਂ ਨੂੰ ਆਪਣਾ ਸ਼ਰੀਕ ਭਤੀਜਾ ਰਾਹ ਵਿਚ ਕੰਡੇ ਵਾਂਗ ਰੜਕਿਆ ਅਤੇ ਇਸ ਦਾ ਫਸਤਾ ਮੁਕਾਉਣ ਵਾਸਤੇ ਇਸ ਨੂੰ ਆਪਣੇ ਅਫੀਮ-ਸਮਗਲਰ ਭਾਈਵਾਲ ਜਰਨੈਲ ਕੋਲ ਰਾਜਸਥਾਨ ਵਿਚ ਕੰਮ ਨਬੇੜਨ ਲਈ ਛੱਡ ਆਏ । ਜਰਨੈਲ ਸਿੰਘ ਦੀ ਘਰ ਵਾਲੀ ਹਰਵੰਤ ਅਤੇ ਉਸ ਦੇ ਲੜਕੀ ਹਰਵੇਲ ਨੂੰ ਜਦੋਂ ਅਸਲੀਅਤ ਦਾ ਪਤਾ ਲੱਗਾ, ਉਹਨਾਂ ਜਰਨੈਲ ਸਿੰਘ ਦਾ ਸਾਥ ਤਿਆਗ ਕੇ ਗੁਰਬੀਰ ਦਾ ਸਾਥ ਪੱਕੇ ਇਰਾਦੇ ਨਾਲ ਦਿੱਤਾ, ਜਿਸ ਤੋਂ ਬੰਦ ਖ਼ਲਾਸੀ ਦੇ ਸਾਰੇ ਰਾਹ ਖੁਲ੍ਹ ਗਏ ।