ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ ਕੰਮ ਮਨ ਨਾਲ ਹੈ । ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ । ਮਨ ਨੂੰ ਵੱਸ ਵਿਚ ਕੀਤਿਆਂ ਹੀ ਜੀਵ ਨੂੰ ਅਸਲ ਮਨੋਰਥ ਦੀ ਕਾਮਯਾਬੀ ਪ੍ਰਾਪਤ ਹੁੰਦੀ ਹੈ । ਮਨ ਵੱਸ ਆਉਂਦਾ ਹੈ ਜੇ ਗੁਰੂ ਦੀ ਪੂਰਨ ਕਿਰਪਾ ਹੋਵੇ ਪਰ ਇਸ ਲਈ ਯਤਨ ਤਾਂ ਕਰਨਾ ਹੀ ਪਵੇਗਾ । ਉਹ ਯਤਨ ਹੈ ‘ਮਨ ਦੀ ਸਾਧਨਾ’ । ਸਾਧਨਾ ਕਰਦੇ ਕਰਦੇ ਜਦੋਂ ਮਨ ਪੂਰਨ ਖਿੜਾਉ ਵਿਚ ਟਿਕ ਜਾਂਦਾ ਹੈ ਤਾਂ ‘ਤੀਨਿ ਲੋਕ ਕੀ ਬਾਤੈ ਕਹੈ’ ਭਾਵ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ ਕਰਦਾ ਹੈ ।