ਇਸ ਸੰਗ੍ਰਹਿ ਵਿਚ ਸ਼ਾਮਲ ਬਲਦੇਵ ਸਿੰਘ ਦੀਆਂ 15 ਕਹਾਣੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਬਲਦੇਵ ਸਿੰਘ ਦਾ ਸਾਹਿਤਕ ਪ੍ਰਤੱਖਣ ਜ਼ਿੰਦਗੀ ਪ੍ਰਤਿ ਸੁਹਿਰਦ ਅਤੇ ਸੰਵੇਦਨਸ਼ੀਲ ਨਜ਼ਰੀਆ ਰੱਖਣ ਵਾਲੇ ਵਿਅਕਤੀ ਦਾ ਸਰਲ ਅਤੇ ਸਹਿਜ ਪ੍ਰਤੱਖਣ ਹੈ । ‘ਬੁਝ ਰਹੇ ਚਿਰਾਗਾਂ ਦੀ ਸੁਲਘਦੀ ਬੱਤੀ,’ ‘ਹੰਝੂਆਂ ਵਿਚ ਤੈਰਦੇ ਸੁਪਨੇ’ ‘ਭਵਿੱਖ ਦੇ ਵਾਰਿਸ’ ਵਰਗੀਆਂ ਕਹਾਣੀਆਂ ਵਿਚ ਹੋਟਲਾਂ ਵਿਚ ਜੂਠੀਆਂ ਪਲੇਟਾਂ, ਮੈਰਿਜ ਪੈਲੇਸਾਂ ਦੇ ਬਾਹਰ ਖਾਲੀ ਬਾਟੀਆਂ, ਹੱਥ ਵਿਚ ਲਈ ਡਾਢੀਆਂ ਹਸਰਤਾਂ ਅਤੇ ਭੁੱਖੇ ਢਿੱਡਾਂ ਨਾਲ ਰੂੜੀਆਂ ਫੋਲਦਾ ਮਾਸੂਮ ਬਚਪਨ ਵੀ ਹੈ ਅਤੇ ਭਰੇ ਭਕੁੰਨੇ ਅਾਪਣੇ ਹੀ ਘਰਾਂ ਵਿਚ ਆਪਣਿਆਂ ਹੱਥੋਂ ਵਾਧੂ, ਫਾਲਤੂ ਕਰਾਰ ਦੇ ਕੇ ਫਿਟਕਾਰ ਦਿੱਤਾ ਗਿਆ ਬੁਢਾਪਾ ਵੀ ਹੈ । ਬਦਲ ਰਹੇ ਮਨੁੱਖੀ ਵਤੀਰੇ ਨੂੰ ਬਲਦੇਵ ਸਿੰਘ ਨੇ ਪਰਿਵਾਰਕ ਸੰਦਰਭਾਂ ਵਿੱਚੋਂ ਹੀ ਨਹੀਂ ਬਦਲ ਰਹੀਆਂ ਆਰਥਿਕ, ਸਮਾਜਕ ਸਮੀਕਰਣਾਂ ਵਿੱਚੋਂ ਵੀ ਪਕੜਿਆ ਤੇ ਪ੍ਰਗਟਾਇਆ ਹੈ ।