ਅੱਜ ਦੇ ਸਮੇਂ ਵਿਚ ਦੇਹ-ਵਪਾਰ ਦੇ ਧੰਦੇ ਨੂੰ ਕਲੰਕ ਨਹੀਂ ਸਮਝਿਆ ਜਾਂਦਾ ਜਾਂ ਸਮਝਿਆ ਜਾ ਰਿਹਾ ਅਤੇ ਦੂਸਰੇ ਧੰਦਿਆਂ ਵਾਂਗ ਇਹ ਵੀ ਇਕ ਧੰਦਾ ਹੀ ਬਣ ਗਿਆ ਹੈ ਜਾਂ ਬਣਦਾ ਜਾ ਰਿਹਾ ਹੈ । ਹੁਣ ਮੌਰਲ ਵੈਲਯੂਜ਼ ਜਾਂ ਕਦਰਾਂ ਕੀਮਤਾਂ ਲਈ ਕੋਈ ਥਾਂ ਨਹੀਂ ਰਹੀ। ਬੇਜ਼ਮੀਨੇ, ਦਿਹਾੜੀਦਾਰ, ਬੇਰੁਜ਼ਗਾਰ ਪਰਿਵਾਰਾਂ ਲਈ, ਮੁੱਲ ਵਿਧਾਨ, ਅਣਖ, ਗੌਰਵ, ਇੱਜ਼ਤ ਜਾਂ ਕਦਰ ਵਿਧਾਨ ਵਰਗੀਆਂ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ । ਪੇਟ ਦੀ ਭੁੱਖ ਅੱਗੇ ਇਹ ਸਭ ਗੱਲਾਂ ਥੋਥੀਆਂ ਹਨ, ਬੇਮਤਲਬ ਹਨ, ਸਿਰਫ਼ ਅਮੀਰਾਂ ਦੀ ਸ਼ੋਸ਼ੇਬਾਜ਼ੀ ਹੈ। ਪਰ ਇਸਦੇ ਨਤੀਜੇ ਬਹੁਤ ਭਿਅੰਕਰ ਅਤੇ ਖ਼ਤਰਨਾਕ ਹੁੰਦੇ ਹਨ। ਇਹ ਨਾਵਲ ਹਰ ਸੰਵੇਦਨਸ਼ੀਲ ਪਾਠਕ ਨੂੰ ਬੇਚੈਨ ਕਰਦਾ ਹੈ ਅਤੇ ਉਹਨਾਂ ਦੇ ਮਨਾਂ ਵਿਚ ਬਾਰ ਬਾਰ ਇਹ ਵਿਚਾਰ ਖੌਰੂ ਪਾਉਂਦਾ ਹੈ ਕਿ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਦਾ ਪੰਜਾਬ, ਪਵਿੱਤਰ ਪਾਣੀਆਂ ਦਾ ਪੰਜਾਬ ਇੱਕੀਵੀਂ ਸਦੀ ਵਿਚ ਕਿਹੜੇ ਰਸਤੇ ਤੁਰ ਪਿਆ ਹੈ ।