ਕਾਮਰੇਡ ਗੁਰਬਖਸ਼ ਸਿੰਘ ਧਾਲੀਵਾਲ ਪੰਜਾਬ ਦਾ ਮਹਾਨ ਸਪੂਤ, ਸਿਰੜੀ ਆਗੂ ਤੇ ਬਹੁਤ ਹੀ ਸਮਝਦਾਰ ਕਾਮਰੇਡ ਸੀ । 1962 ਵਿੱਚ ਸੀ.ਪੀ.ਆਈ. ਵਲੋਂ ਉਹ ਨਿਹਾਲ ਸਿੰਘ ਵਾਲਾ ਹਲਕੇ ਤੋਂ ਐਮ.ਐਲ.ਏ. ਚੁਣਿਆ ਗਿਆ । ਉਹ ਕੋਆਪਰੇਟਿਵ ਬੈਂਕ ਦਾ ਐਮ.ਡੀ. ਵੀ ਰਿਹਾ । ਉਸਨੇ ਮੋਗਾ ਜ਼ਿਲੇ ਦੇ ਆਪਣੇ ਪਿੰਡ ਧੂੜਕੋਟ ਰਣਸੀਂਹ ਦਾ ਦੇਸ-ਵਿਦੇਸ਼ ਵਿੱਚ ਨਾਮ ਰੋਸ਼ਨ ਕੀਤਾ । ਕਿਰਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਉਸਨੇ ਨਾ ਦਿਨ ਵੇਖਿਆ ਨਾ ਰਾਤ । ਉਸਦਾ ਸਮੁੱਚਾ ਸਿਆਸੀ ਜੀਵਨ ਨਿਰਸੁਆਰਥ ਅਤੇ ਬੇਦਾਗ਼ ਰਿਹਾ । ਪੰਜਾਬ ਅਸੈਂਬਲੀ ਵਿੱਚ ਉਸਨੂੰ ਲੋਕ ਮਸਲਿਆਂ ਦੇ ਹਿਤੈਸ਼ੀ ਵਜੋਂ ਜਾਣਿਆ ਜਾਂਦਾ ਸੀ । ਉਹ ਸਹੀ ਅਰਥਾਂ ਵਿੱਚ ਲੋਕ ਸੰਘਰਸ਼ਾਂ ਦਾ ਨਾਇਕ ਸੀ, ਜ਼ਿੰਦਾ ਦਿਲ ਇਨਸਾਨ ਸੀ। ਅਜਿਹੇ ਲੋਕ ਲੰਮੇ ਸਮੇਂ ਤੱਕ ਲੋਕ-ਚੇਤਿਆਂ ਵਿੱਚ ਵੱਸੇ ਰਹਿੰਦੇ ਹਨ।