ਅਫਲਾਤੂ ਇਕੀਵੀਂ ਸਦੀ ਦੇ ਉਸ ਦੰਭੀ ਮਨੁੱਖ ਦੀ ਕਹਾਣੀ ਹੈ, ਜਿਹੜਾ ਆਪਣੇ ਨਿੱਜ ਲਈ ਕਿਸੇ ਤਰ੍ਹਾਂ ਦਾ ਵੀ ਪੁੱਠਾ-ਸਿੱਧਾ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਦਾ । ਲੋੜ ਪੈਣ ’ਤੇ ਉਹ ਕਤਲ ਕਰਦਾ ਹੈ । ਰਾਜਨੀਤਕ ਪਾਰਟੀਆਂ ਬਦਲਣਾ ਉਸਦਾ ਸ਼ੌਕ ਹੈ । ਸਿਰੇ ਦੀ ਮੌਕਾ-ਪ੍ਰਸਤੀ ਉਸਦਾ ਉਘੜਵਾਂ ਗੁਣ ਹੈ । ਧਾਰਮਿਕ ਮਨੁੱਖ ਦਾ ਮਖੌਟਾ ਉਸਦੇ ਬੜਾ ਰਾਸ ਆਉਂਦਾ ਹੈ । ਹਰ ਤਰ੍ਹਾਂ ਤੇ ਭੈੜੇ ਬੰਦੇ ਨਾਲ ਉਸਦੀ ਨੇੜਤਾ ਹੈ । ਉਸਦੇ ਦੋਸਤ ਸਭ ਕੁਝ ਜਾਣਦੇ ਹੋਏ ਵੀ ਉਸਦੇ ਅਹਿਸਾਨਾਂ ਹੇਠਾਂ ਏਨੇ ਦਬੇ ਹੋਏ ਹਨ ਕਿ ਉਸ ਵਿਰੁਧ ਉਭਾਸਰਦੇ ਨਹੀਂ ਸਗੋਂ ਉਸਦੀਆਂ ਕਰਤੂਤਾਂ ਨੂੰ ਛੁਪਾਉਣ ਵਿਚ ਸਹਾਈ ਹੁੰਦੇ ਹਨ। ਬਿਧੀਆ, ਉਰਫ ਬਿਧੀ ਚੰਦ ਸਿੰਘ ਖਾਲਸਾ ਨੇ ਸਾਰੀ ਦੁਨੀਆਂ ਨੂੰ ਉਂਗਲਾਂ ਤੇ ਨਚਾਉਣ ਦਾ ਹੁਨਰ ਸਿੱਖ ਲਿਆ ਹੈ । ਇਸ ਤੋਂ ਉਲਟ ਭੰਤੀ ਗਰੀਬ ਹੈ, ਦਲਿਤ ਹੈ, ਪਰ ਉਸ ਅੰਦਰ ਮਨੁੱਖਤਾ ਹੈ, ਮੋਹ ਹੈ, ਮਮਤਾ ਹੈ ਤੇ ਸਿਰੇ ਦੀ ਈਮਾਨਦਾਰੀ । ਵਿਡੰਬਨਾ ਇਹ ਹੈ, ਅੱਜ ਦੁਨੀਆਂ ਬਿਧੀ ਚੰਦਾਂ ਦੀ ਹੈ , ਭੰਤੀਆਂ ਦੀ ਨਹੀਂ ।