ਇਹ ਨਾਵਿਲਾ 1970 ਵਿਚ ਪ੍ਰਕਾਸ਼ਿਤ ਹੋਇਆ ਤੇ ਅਮਰੀਕਾ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਰਚਨਾਵਾਂ ਵਿਚ ਇਹ ਆ ਸ਼ਾਮਿਲ ਹੋਇਆ। 1972 ਦੇ ਅੰਤ ਵੇਲੇ ਇਹਦੀਆਂ ਦਸ ਲੱਖ ਤੋਂ ਵੱਧ ਪ੍ਰਤੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਇਹ ਕਥਾ-ਵਾਰਤਾ ਇਕ ਜਲ-ਪੰਛੀ ਜੋਨਾਥਨ ਦੀ ਸੰਪੂਰਨਤਾ ਦੀ ਖੋਜ-ਭਾਲ ਦੀ ਹੈ ਤੇ ਜੋਨਾਥਨ ਦੇ ਸਿੱਖਿਅਕ ਗੁਰੂ ਸਲੀਵਾਨ ਅਨੁਸਾਰ, “ਸੰਪੂਰਨਤਾ ਹੀ ਸਵਰਗ ਹੈ ।” ਤੇ ਅੰਤ ਵਿਚ ਹਰ ਪ੍ਰਕਾਰ ਦੀ ਸਿੱਧੀ ਤੇ ਸੰਪੂਰਨਤਾ ਪ੍ਰਾਪਤ ਕਰਨ ਮਗਰੋਂ ਜੋਨਾਥਨ ਦਾ ਵਾਸ ਸਵਰਗ ਵਿਚ ਹੀ ਹੁੰਦਾ ਹੈ। ਭਾਵ, ਉਹ ਸੰਪੂਰਨਤਾ ਦੀ ਮੂਰਤ ਹੈ। ਇਸ ਜਲ-ਪੰਛੀ ਦੇ ਮਾਧਿਅਮ ਰਾਹੀਂ ਇਹ ਵਾਰਤਾ ਮਨੁੱਖ ਦੇ ਲੁਕੇ ਕਪਾਟ ਖੋਲ੍ਹਦੀ ਹੈ: ਉਹਨੇ ਜੀਵਨ ਨੂੰ ਕਿਵੇਂ ਸਕਾਰਥ ਬਣਾਉਣਾ ਹੈ, ਆਪਣਾ ਪਲ-ਪਲ ਕਿਸੇ ਚੰਗੇ ਉਦੇਸ਼ ਲਈ ਕਿਵੇਂ ਵਰਤਣਾ ਹੈ, ਇਕਾਗਰ ਤੇ ਸਹਿਜ ਹੋ ਕੇ ਕਿਵੇਂ ਜੀਣਾ ਹੈ, ਉੱਚੀ ਨਜ਼ਰ ਕਿਵੇਂ ਰੱਖਣੀ ਹੈ ਤੇ ਕਿਸੇ ਉੱਜਲੀ ਅਵਸਥਾ ਵਿਚ ਆ ਕੇ ਆਪਣੇ ਚੁਗਿਰਦੇ ਦੇ ਕੰਮ ਕਿਵੇਂ ਆਉਣਾ ਹੈ। ਇਹ ਰਚਨਾ ਗਗਨ ਮੰਡਲਾਂ ਨੂੰ ਫਰੋਲਦੀ, ਆਦਰਸ਼ ਜੀਵਨ ਦਾ ਆਧਾਰ ਵਿਖਾਲਦੀ ਹੈ।