ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਵਿਚ ਤਕਰੀਬਨ 1125 ਸ਼ਬਦਾਂ/ਸਲੋਕਾਂ ਦੀਆਂ ਸਤਰਾਂ ਵਿਚ 1460 ਵਾਰ ਜੀਵ-ਜੰਤੂਆਂ ਨੂੰ ਉਦਾਹਰਣ ਜਾਂ ਮਿਸਾਲ ਬਣਾ ਕੇ ਵਰਤਿਆ ਗਿਆ ਹੈ । ਇਹ ਪੁਸਤਕ ਇਨ੍ਹਾਂ ਜੀਵ-ਜੰਤੂਆਂ ਬਾਰੇ ਬਹੁ-ਰੰਗੇ ਚਿੱਤਰਾ ਸਹਿਤ ਪਰਮਾਣਿਕ ਵਿਗਿਆਨਕ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ । ਪੁਸਤਕ ਦੇ ਪਹਿਲੇ 13 ਅਧਿਆਇ (ਅਧਿਆਇ 1 ਤੋਂ 13) ਕੀੜੇ-ਮਕੌੜਿਆਂ ਬਾਰੇ ਹਨ । ਅਗਲੇ 23 ਅਧਿਆਇ (ਅਧਿਆਇ 14 ਤੋਂ 36) ਪੰਛੀਆਂ ਬਾਰੇ ਹਨ ਅਤੇ ਇਨ੍ਹਾਂ ਤੋਂ ਅਗਲੇ 24 ਅਧਿਆਇ (ਅਧਿਆਇ 37 ਤੋਂ 60) ਪਸ਼ੂਆਂ ਦੇ ਬਾਰੇ ਹਨ । ਅਗਲੇ 8 ਅਧਿਆਇ (ਅਧਿਆਇ 61 ਤੋਂ 68) ਉਨ੍ਹਾਂ ਜੀਵਾਂ ਬਾਰੇ ਹਨ ਜਿਹੜੇ ਉਪਰ ਦਿੱਤੇ ਤਿੰਨਾਂ ਕਿਸਮਾਂ ਵਿਚ ਨਹੀਂ ਆਉਂਦੇ । ਅਗਲੇ ਚਾਰ ਅਧਿਆਇਆਂ ਵਿਚ ਸਾਰਨੀਆਂ ਹਨ । ਇਹ ਖੋਜ ਭਰਪੂਰ ਪੁਸਤਕ ਇਸ ਭੂਮਿ-ਰੰਗਾਵਲੀ ਦੇ ਜੀਵ-ਜੰਤੂਆਂ ਬਾਰੇ ਵਚਿਤਰ ਜਾਣਕਾਰੀ ਦਿੰਦੀ ਹੈ, ਜਿਸ ਨਾਲ ਬਾਣੀ ਦੀਆਂ ਸੰਬੰਧਿਤ ਤੁਕਾਂ ਦੇ ਅਰਥਾਂ ਦੀ ਸੋਝੀ ਦਾ ਵਿਸਤਾਰ ਹੁੰਦਾ ਹੈ ।