ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਨੀਵੀਂ ਸਦੀ ਤੋਂ ਲੈ ਕੇ ਹੁਣ ਤਕ ਬਹੁਤ ਸਾਰੇ ਪ੍ਰਯਾਯ ਅਤੇ ਕੋਸ਼ ਲਿਖੇ ਗਏ ਹਨ। ਪਰ ਪ੍ਰਮਾਣਿਕ, ਪੂਰਨ ਤੇ ਸਭ ਤੋਂ ਪਹਿਲਾ ‘ਗੁਰੁ ਗਿਰਾਰਥ ਕੋਸ਼’ ਹੈ, ਜੋ ਬਹੁਤ ਮਹੱਤਵਪੂਰਨ ਅਤੇ ਗੁਰਬਾਣੀ ਅਰਥਾਂ ਨੂੰ ਸਮਝਣ ਲਈ ਸਾਰਥਿਕ ਜਤਨ ਹੈ। ਇਸ ਕੋਸ਼ ਨੂੰ ਪ੍ਰਸਿੱਧ ਵਿਦਵਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ, ਪਟਿਆਲੇ ਵਾਲਿਆਂ ਨੇ ਤਿਆਰ ਕੀਤਾ ਸੀ ਜੋ 1895 ਈ. ਨੂੰ ਮਹਾਰਾਜਾ ਰਾਜਿੰਦਰ ਸਿੰਘ ਜੀ ਪਟਿਆਲੇ ਵਾਲਿਆਂ ਨੇ ਦੋ ਭਾਗਾਂ ਵਿਚ ਪ੍ਰਕਾਸ਼ਿਤ ਕਰਾਇਆ ਸੀ। ਇਸ ਕੋਸ਼ ਦੀ ਸ਼ੁੱਧ ਰੂਪ ਵਿਚ ਪ੍ਰਾਪਤੀ ਲਈ ਵਿਦਵਾਨ ਤੀਬਰ ਇੱਛਾ ਰੱਖਦੇ ਹਨ। ਇਸ ਕਮੀ ਨੂੰ ਦੂਰ ਕਰਨ ਲਈ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਨੇ ‘ਗੁਰੁ ਗਿਰਾਰਥ ਕੋਸ਼’ ਨੂੰ ਸੰਪਾਦਿਤ ਕੀਤਾ ਹੈ ਜਿਸ ਵਿਚ ਪੰਡਿਤ ਤਾਰਾ ਸਿੰਘ ਜੀ ਨਰੋਤਮ ਦੇ ਜੀਵਨ, ਵਿੱਦਿਆ, ਉਪਕਾਰ, ਗੁਰਮਤਿ, ਗੁਰਬਾਣੀ ਉਪਰ ਕੀਤਾ ਕੰਮ, ਸਾਹਿਤਕ ਸੇਵਾ, ਗੁਰਮੁਖੀ ਲਿਪੀ ਵਿਚ ਪੰਡਿਤ ਜੀ ਵੱਲੋਂ ਨਵੇਂ ਅੱਖਰਾਂ ਦੀ ਕਾਢ ਬਾਰੇ ਜਾਣਕਾਰੀ ਤੇ ਗਿਆਨੀ ਜੀ ਨੇ ਖੋਜ ਪੂਰਤ ਪ੍ਰਸਤਾਵਨਾ ਲਿਖੀ ਹੈ। ਇਸ ਗ੍ਰੰਥ ਨੂੰ ਮਹੰਤ ਬਲਵੰਤ ਸਿੰਘ ਜੀ ਸੈਕਟਰੀ, ਰਤਨਬਾਗ, ਕਨਖਲ (ਹਰਿਦੁਆਰ) ਵਾਲਿਆਂ ਨੇ ਪ੍ਰਕਾਸ਼ਤ ਕੀਤਾ ਹੈ।