“ਸਿੱਖ ਸੂਰਮਿਆ” ਦਾ ਇਤਿਹਾਸ ਵਿਚ ਅਨੋਖਾ, ਅਦੁੱਤੀ ਤੇ ਅਨੂਠਾ ਅਸਥਾਨ ਹੈ। ਇਹ ਤਲਵਾਰਾਂ ਦੀ ਛਾਂ ਵਿਚ ਜੰਮੇ, ਹਰ ਜਬਰ ਦੀ ਹਨੇਰੀ ਵਿਚ ਜੂਝਦੇ, ਵਧਦੇ ਵਿਗਸਦੇ ਰਹੇ ਤੇ ਮੌਤ ਨੂੰ ਵੰਗਾਰਾਂ ਪਾਉਂਦੇ, ਜਾਬਰਾਂ ਦਾ ਨਾਸ਼ ਕਰਦੇ ਰਹੇ। ਸਿੱਖ ਇਤਿਹਾਸ ਯੋਧਿਆਂ ਦਾ ਇਤਿਹਾਸ ਹੈ। ਭਾਈ ਜੇਠਾ, ਬਿਧੀ ਚੰਦ, ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਜੀਵਨ ਸਿੰਘ ਰੰਗਰੀਟਾ ਗੁਰੂ ਕਾਲ ਦੇ ਯੋਧਿਆਂ ਵਿੱਚ ਕੁਝ ਮਿਸ਼ਾਲੀ ਯੋਧੇ ਹਨ। ਮਾਈ ਭਾਗੋ ਜਿਹੀ ਵੀਰਾਂਗਣਾ ਦਾ ਯੋਗਦਾਨ ਕੌਣ ਭੁਲਾ ਸਕਦਾ ਹੈ। ਤਾਰਾ ਸਿੰਘ ਵਾਂ, ਬੋਤਾ ਸਿੰਘ, ਜੱਸਾ ਸਿੰਘ ਆਹਲੂਵਾਲੀਆ ਤੇ ਬਘੇਲ ਸਿੰਘ ਦੀਆਂ ਤੇਗਾਂ ਨੇ ਸਿੱਖਾਂ ਨੂੰ ਹਰ ਮੋੜ ’ਤੇ ਅੱਗੇ ਤੋਰਿਆ। ਬਦਲਾ ਲੈਣ ਦੀ ਰੀਤ ਪਾਉਣ ਵਿਚ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਮਾੜੀ ਕੰਬੋ ਦੀ ਵੀਰਤਾ ਨੇ ਇਤਿਹਾਸ ਵਿਚ ਨਵੇ ਕਾਂਡ ਸਿਰਜੇ ਜਿਸ ਵਿੱਚ ਬੇਅੰਤ ਸਿੰਘ-ਸਤਵੰਤ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੇ ਵੀ ਵੇਲੇ ਸਿਰ ਭੂਮਿਕਾ ਨਿਭਾਈ। ਸਿੱਖਾਂ ਵਿਚ ਖਾਲਸਈ ਸਪਿਰਟ ਜਿਵੇਂ ਗੁਰੂ ਸਾਹਿਬਾਨ ਨੇ ਭਰੀ, ਅੱਜ ਤੱਕ ਉਵੇਂ ਹੀ ਬਰਕਰਾਰ ਹੈ। ਹਰ ਸਿੱਖ ਸੂਰਮੇ ਬਾਰੇ ਇਸ ਛੋਟੀ ਜਿਹੀ ਪੁਸਤਕ ਵਿਚ ਲਿਖਣਾ ਸੰਭਵ ਨਹੀਂ ਪਰ ਫਿਰ ਵੀ ਇਤਿਹਾਸ ਦੇ ਹਰ ਪੜਾਅ ਵਿਚ ਜਿਸ ਕਿਸੇ ਯੋਧੇ ਨੇ ਨਾਮ ਪੈਦਾ ਕੀਤਾ ਹੈ, ਉਸ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਠਕਾਂ ਨੂੰ ਇਹ ਵੀਰ-ਗਾਥਾਵਾਂ ਪੜ੍ਹ ਕੇ ਜ਼ਰੂਰ ਪ੍ਰੇਰਨਾ ਮਿਲੇਗੀ।