ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਜਨਮ ਸਾਖੀ ਪਰੰਪਰਾ ਦਾ ਮੁੱਢ ਸਾਖੀ ਮਹਲੁ ਪਹਿਲੇ ਕੀ ਨਾਲ ਬੱਝਦਾ ਹੈ, ਜਿਸ ਦਾ ਰਚਨਾ-ਕਾਲ 1570-74 ਈ. ਤੇ ਲੇਖਕ ਸੁਲਤਾਨਪੁਰ ਨਿਵਾਸੀ ਸੀਹਾਂ ਉਪਲ ਸੀ, ਜੋ ਬਾਬੇ ਨਾਨਕ ਦਾ ਵਰੋਸਾਇਆ, ਗੁਰੂ ਅੰਗਦ ਦਾ ਨਿਵਾਜਿਆ ਗੁਰੂ ਅਮਰਦਾਸ ਦਾ ਅਨਿੰਨ ਸਿੱਖ ਸੀ। ਸੁਲਤਾਨਪੁਰ ਵਿਚ ਬਾਬੇ ਦੀਆਂ ਗਤੀਵਿਧੀਆਂ ਦਾ ਉਹ ਨਿੱਜੀ ਅਨੁਭਵ ਵਾਲਾ ਚਸ਼ਮਦੀਦ ਗਵਾਹ ਸੀ। ਸਾਖੀ ਮਹਲੁ ਪਹਿਲੇ ਕੀ ਦੀ ਪਿਛਲੇਰੀਆਂ ਜਨਮ ਸਾਖੀਆਂ ਵਿਚ ਸਰਵ-ਵਿਆਪਕ ਮਹਿਮਾ ਦੀ ਲਖਾਇਕ ਹੈ। ਸਾਖੀ ਮਹਲੁ ਪਹਿਲੇ ਕੀ ਇਕ ਅਨਮੋਲ ਲਿਖਤ ਹੈ, ਜੋ ਜਨਮਸਾਖੀ ਪਰੰਪਰਾ ਦਾ ਆਧਾਰ ਸੋਮਾ ਅਤੇ ਪੰਜਾਬੀ ਵਾਰਤਕ ਦੀ ਲਾਜਵਾਬ ਪ੍ਰਾਪਤੀ ਹੈ। ਇਸ ਤੋਂ ਪੁਰਾਣਾ ਪੰਜਾਬੀ ਵਾਰਤਕ ਦਾ ਕੋਈ ਹੋਰ ਨਮੂਨਾ ਅਜੇ ਤਕ ਨਹੀਂ ਲੱਭਾ। ਲਗਪਗ ਸਵਾ ਚਾਰ ਸੌ ਸਾਲ ਬਾਅਦ ਪਹਿਲੀ ਵੇਰ ਪ੍ਰਕਾਸ਼ ਵਿਚ ਆ ਰਹੇ ਇਸ ਨੁਸਖੇ ਨਾਲ ਸਮੁੱਚੀ ਜਨਮ ਸਾਖੀ ਪਰੰਪਰਾ ਨੂੰ ਇਕ ਨਵਾਂ ਪਰਿਪੇਖ ਮਿਲ ਜਾਂਦਾ ਹੈ।