ਇਸ ਪੁਸਤਕ ਵਿਚ ਸੰਪਾਦਕ ਨੇ ਉਪਲਬਧ ਹੱਥ-ਲਿਖਤਾਂ ਦੇ ਮਿਲਾਨ ਉਪਰੰਤ ਇਸ ਗੌਰਵਮਈ ਰਚਨਾ ਦਾ ਪਰਮਾਣਿਕ ਪਾਠ ਤਿਆਰ ਕੀਤਾ ਹੈ । ਇਸ ਤੋਂ ਬਿਨਾਂ ਇਸ ਪੋਥੀ ਦੀ ਰਚਿਆਰਤਾ ਤੇ ਰਚਨਾ-ਕਾਲ ਨਾਲ ਜੁੜੇ ਮੁੱਦਿਆਂ ਦੇ ਨਿਪਟਾਰੇ ਲਈ ਦਸਤਾਵੇਜ਼ੀ ਸਬੂਤਾਂ ਤੇ ਭਰੋਸੇਯੋਗ ਗਵਾਹੀਆਂ ਨੂੰ ਆਧਾਰ ਬਣਾ ਕੇ ਵਿਸ਼ਲੇਸ਼ਣ ਤੇ ਵਿਆਖਿਆ ਕੀਤੀ ਗਈ ਹੈ ਤੇ ਮੰਨਣ-ਯੋਗ ਸਿੱਟੇ ਕੱਢੇ ਗਏ ਹਨ । ਸੰਪਾਦਕ ਨੇ ਕੁਰੇਦਵੀਂ ਬਿਰਤੀ ਨਾਲ ਹੰਦਾਲੀਆਂ ਦੇ ਕੂੜ-ਪਸਾਰੇ ਨੂੰ ਨਸ਼ਰ ਕਰ ਕੇ ਬਾਲਾ-ਮਿਥ ਬਾਰੇ ਵੀ ਨਿਰਣਾਇਕ ਸਿੱਟੇ ਕੱਢੇ ਹਨ । ‘ਪੁਰਾਤਨ ਜਨਮਸਾਖੀ’ ਦੇ ਇਸ ਨਵੇਂ ਡੌਲੇ ਸੰਪਾਦਨ ਨਾਲ ਸਾਖੀ ਪਰੰਪਰਾ ਦੇ ਨਿਕਾਸ ਤੇ ਵਿਕਾਸ ਦੀ ਕਹਾਣੀ ਵੀ ਸਪੱਸ਼ਟ ਤੇ ਤਰਕ-ਸੰਗਤ ਬਣ ਗਈ ਹੈ ਤੇ ਇਸ ਨੂੰ ਨਵਾਂ ਪਰਿਪੇਖ ਮਿਲ ਗਿਆ ਹੈ ।