ਸਚ ਖੰਡਿ ਵਸੈ ਨਿਰੰਕਾਰੁ ਵਿਚ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਵਿਕਲਪ ਦੀ ਜੁਗਤ ਦੀ ਵਿਆਖਿਆ ਕੀਤੀ ਗਈ ਹੈ । ਸਾਰੀ ਕਾਇਨਾਤ, ਸਾਰਾ ਬ੍ਰਹਮੰਡ, ਧਰਤੀ, ਆਕਾਸ਼, ਤਾਰੇ, ਮਨੁਖ, ਜੀਵ ਜੰਤੂ ਇਸ ਸੱਚ ਦੀ ਵਿਉਂਤ ਅਤੇ ਵਿਧੀ ਵਿਚ ਪਰੋਏ ਹੋਏ ਹਨ । ਇਸ ਵਿਚ ਇਕ ਸੁਰ ਹੈ, ਇਕ ਸੰਤੁਲਨ ਹੈ । ਆਦਿ ਦੇ ਆਦਿ ਦਾ ਆਧਾਰ ਵੀ ਇਹ ਸੱਚ ਸੀ । ਜੁਗਾਂ ਜੁਗਾਂ ਦੇ ਕਾਰ ਵਿਹਾਰ ਵਿਚ ਵੀ ਏਸੇ ਸੱਚ ਨੇ ਮਨੁਖਤਾ ਦੀ ਹੋਂਦ/ਅਣਹੋਂਦ ਤੇ ਪਹਿਰਾ ਦਿੱਤਾ । ਜਦੋਂ ਇਹ ਕਾਇਨਾਤ, ਇਹ ਬ੍ਰਹਮੰਡ ਅਲੋਪ ਹੋ ਜਾਣਗੇ, ਇਹ ਸੱਚ ਪ੍ਰਸਪਰ ਕਾਇਮ ਰਹੇਗਾ ।