ਸਿਰਦਾਰ ਕਪੂਰ ਸਿੰਘ ਜੀ ਦੀ ‘ਸਾਚੀ ਸਾਖੀ’ ਦੀ ਇਹ ਵਾਰਤਾ ਅਗਸਤ 1932 ਵਿਚ ਬਰਤਾਨੀਆ ਸਰਕਾਰ ਵਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ‘ਕਮਿਉਨਲ ਅਵਾਰਡ’ ਦੀ ਕਹਾਣੀ ਹੀ ਨਹੀਂ ਸਗੋਂ ਹਿੰਦੋਸਤਾਨ ਦੇ ਵੱਖ ਵੱਖ ਧਾਰਮਿਕ ਫ਼ਿਰਕਿਆਂ ਵਿਚ ਖਿੱਚੋਤਾਣ ਅਤੇ ਉਨ੍ਹਾਂ ਦੀਆਂ ਵੱਖੋਂ ਵਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ਪੁਰ ਭੀ ਚੋਖਾ ਚਾਨਣਾ ਪਾਉਂਦੀ ਹੈ ਅਤੇ ਉੱਤਰੀ ਹਿੰਦੁਸਤਾਨ ਵਿਚ ਮੁਸਲਮਾਨਾਂ ਦੇ ਨਕਸ਼ਬੰਦੀ ਫ਼ਿਰਕੇ ਵਲੋਂ ਗ਼ੈਰ-ਮੁਸਲਮਾਨਾਂ ਵਿਰੁਧ ਫੈਲਾਈ ਅਤੇ ਭੜਕਾਈ ਗਈ ਨਫ਼ਰਤ ਦੀ ਅੱਗ ਵਲ ਭੀ ਇਸ਼ਾਰਾ ਕਰਦੀ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਮੁਖ ਕਾਰਨ ਸੀ ਅਤੇ ਜਿਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਚ, ਬਾਅਦ ਵਿਚ ਹੋਈਆਂ ਰਾਜਸੀ ਟੱਕਰਾਂ ਦਾ ਮੁੱਢ ਬੱਧਾ । 1947 ਦੀ ਦੇਸ਼-ਵੰਡ ਸਮੇਂ ਸਿੱਖ ਲੀਡਰਾਂ ਦੇ ਰੋਲ ਅਤੇ ਆਜ਼ਾਦੀ ਤੋਂ ਬਾਅਦ ਫ਼ਿਰਕਾਪ੍ਰਸਤ ਤਾਕਤਾਂ ਵੱਲੋਂ ਸਿੱਖ ਕੌਮ ਪ੍ਰਤਿ ਨਫ਼ਰਤੀ ਭਾਵਨਾ ਤਹਿਤ ਕੀਤੀਆਂ ਕਾਰਵਾਈਆਂ ਦੇ ਵੇਰਵਿਆਂ ਨਾਲ ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਅਹਿਮ ਦਸਤਾਵੇਜ਼ ਹੈ ।