ਸਿਰਦਾਰ ਕਪੂਰ ਸਿੰਘ ਦਾ ਜਨਮ 2-3-1909 ਨੂੰ ਸ: ਦੀਦਾਰ ਸਿੰਘ ਤੇ ਮਾਤਾ ਹਰਿਨਾਮ ਕੌਰ ਜੀ ਦੇ ਘਰ, ਚੱਕ ਨੰ: 531, ਲਾਇਲਪੁਰ, ਪਾਕਿਸਤਾਨ ਵਿਖੇ ਹੋਇਆ ਸੀ । ਦੇਸ ਦੀ ਵੰਡ ਉਪਰੰਤ ਆਪ ਦਾ ਪਰਿਵਾਰ ਜਗਰਾਉਂ ਆ ਵੱਸਿਆ । ਆਪ ਜੀ ਨੇ ਮੁੱਢਲੀ ਸਿਖਿਆ ਖਾਲਸਾ ਹਾਈ ਸਕੂਲ, ਲਾਇਲਪੁਰ ਤੋਂ ਪ੍ਰਾਪਤ ਕੀਤੀ । 1931 ਵਿਚ ਆਪ ਨੇ ਗੌਰਮਿੰਟ ਕਾਲਜ, ਲਾਹੌਰ ਤੋਂ ਫਿਲਾਸਫੀ ਦੀ ਐਮ.ਏ ਕੀਤੀ ਤੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ । ਫਿਰ ਆਪ ਕੈਂਬ੍ਰਿਜ ਯੂਨੀਵਰਸਿਟੀ, ਲੰਡਨ ਵਿਚ ਪੜ੍ਹਾਈ ਕਰਨ ਲਈ ਗਏ, ਜਿਥੋਂ ਆਪ ਨੇ ਮਾਰਲ ਸਾਇੰਸਿਜ਼ ਵਿਚ ਡਿਗਰੀ ਹਾਸਲ ਕੀਤੀ । ਆਪ 1933 ਵਿਚ ਆਈ.ਸੀ.ਐਸ ਦੀ ਪ੍ਰੀਖਿਆ ਪਾਸ ਕਰ ਕੇ 1934 ਵਿਚ ਡਿਪਟੀ ਕਮਿਸ਼ਨਰ ਬਣੇ ਤੇ ਕਈ ਜ਼ਿਲ੍ਹਿਆਂ ਵਿਚ ਰਹੇ । ਆਪ ਨੇ ਕੁਝ ਸਮਾਂ ਲਾਹੌਰ ਸਕੱਤਰੇਤ ਵਿਚ ਵੀ ਸੇਵਾ ਕੀਤੀ । ਆਪ ਦੀ ਸ਼ਾਦੀ ਹਰਿੰਦਰ ਕੌਰ ਨਾਲ ਹੋਈ ਜੋ ਬਾਅਦ ਵਿਚ ਐਮ.ਐਸ-ਸੀ. ਹੋਮ ਸਇੰਸ ਕਰ ਕੇ ਹੈਂਡੀਕ੍ਰਾਫ਼ਟ ਸਕੂਲ, ਚੰਡੀਗੜ੍ਹ ਵਿਖੇ ਪ੍ਰਿੰਸੀਪਲ ਰਹੇ । ਇਨ੍ਹਾਂ ਦਾ ਦੇਹਾਂਤ 1967 ਵਿਚ ਹੋਇਆ । ਸਿਰਦਾਰ ਕਪੂਰ ਸਿੰਘ ਸਿੱਖੀ ਸਿਦਕ ਤੇ ਦ੍ਰਿੜ੍ਹ ਇਰਾਦੇ ਕਾਰਨ ਪੰਜਾਬ ਸਰਕਾਰ, ਗਵਰਨਰ ਪੰਜਾਬ, ਤੇ ਜਵਾਹਰ ਲਾਲ ਨਹਿਰੂ ਦੀਆਂ ਅੱਖਾਂ ਵਿਚ ਰੜਕਦੇ ਸਨ । 13-14 ਅਪ੍ਰੈਲ, 1949 ਨੂੰ ਆਪ ਨੂੰ ਨੌਕਰੀਉਂ ਮੁਅੱਤਲ ਕਰ ਦਿੱਤਾ । ਫਿਰ ਕਈ ਆਧਾਰਹੀਣ ਇਲਜ਼ਾਮ ਲਗਾ ਕੇ ਝੂਠੇ ਕੇਸਾਂ ਦੀ ਤਫ਼ਤੀਸ਼ ਵਿਚ ਚਾਰ ਕੁ ਵਰ੍ਹੇ ਲੱਗੇ ਤੇ ਫਿਰ ਆਪ ਨੂੰ ਨੌਕਰੀ ਵਿਚੋਂ ਕੱਢ ਦਿੱਤਾ । ਕਿਸੇ ਅਦਾਲਤ ਨੇ ਆਪ ਦੀ ਨਹੀਂ ਸੁਣੀ । ਫਿਰ ਆਪ ਨੇ ਰਾਜਨੀਤਕ ਖੇਤਰ ਵੱਲ ਰੁਖ਼ ਕੀਤਾ ਤੇ ਸਿੱਖ ਹੋਮਲੈਂਡ ਦੀ ਮੰਗ ਪ੍ਰਸਤੁਤ ਕੀਤੀ ਪਰ ਆਪ ਕਾਮਯਾਬ ਨਾ ਹੋਏ । ਆਪ ਐਮ.ਐਲ.ਏ ਤੇ ਐਮ.ਪੀ. ਵੀ ਰਹੇ । ਪੰਜਾਬ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਰਹੇ, ਪਰ ਕਿਸੇ ਨੇ ਨਾ ਸੁਣਿਆ । ਆਪ ਦੀ ਬੀਮਾਰੀ ਕਾਰਨ ਯਾਦਾਸਾਤ ਜਾਂਦੀ ਰਹੀ ਤੇ ਅਖੀਰ ਅਧਰੰਗ ਹੋ ਗਿਆ, ਜਿਸ ਦੇ ਫਲਸਰੂਪ 13 ਅਗਸਤ, 1986 ਨੂੰ ਆਪ ਗੁਰੂ-ਚਰਨਾਂ ਵਿਚ ਜਾ ਬਿਰਾਜੇ ।