ਪੰਜਾਬੀ ਸਿਨੇਮਾ ਦੇ 1935 ਤੋਂ 1985 ਤੱਕ ਦੇ 50 ਸਾਲਾ ਸੁਨਹਿਰੀ ਇਤਿਹਾਸ ਉੱਤੇ ਲਿਖੀ ਇਹ ਪਲੇਠੀ ਕਿਸੇ ਵੀ ਵਿਸ਼ੇ ਉੱਪਰ ਲਿਖੇ ਕਿਸੇ ਸਾਂਭਣਯੋਗ ਦਸਤਾਵੇਜ਼ ਤੋਂ ਘੱਟ ਨਹੀਂ, ਜਿਹਦੇ ਲਈ ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਵਧਾਈ ਦਾ ਪਾਤਰ ਹੈ । ਆਪਣੀ ਹੁਣ ਤੱਕ ਦੀ ਉਮਰ ਦੇ ਤਕਰੀਬਨ ਅੱਧੇ ਸਾਲ ਉਸ ਨੇ ਇਸੇ ਖੋਜ-ਕ੍ਰਮ ਦੇ ਲੇਖੇ ਲਾ ਦਿੱਤੇ ਅਤੇ ਉਹ ਜਾਣਕਾਰੀ ਇਕੱਠੀ ਕੀਤੀ ਹੈ, ਜਿਹੜੀ ਕਿਸੇ ਵੀ ਪਬਲਿਕ ਡੋਮੇਨ ਜਾਂ ਲਾਇਬ੍ਰੇਰੀ ਵਿਚ ਉਪਲੱਬਧ ਨਹੀਂ ਹੈ । ਆਪਣੇ ਸਿਰੜ ਅਤੇ ਜਨੂੰਨ ਸਦਕਾ ਉਹ ਪੰਜਾਬੀ ਸਿਨੇਮਾ ਦੇ ਜਨਮ-ਸਥਾਨ ਲਹਿੰਦੇ ਪੰਜਾਬ (ਲਾਹੌਰ, ਪਾਕਿਸਤਾਨ) ਜਾ ਕੇ ਅਤੀਤ ਦੇ ਸਮੁੰਦਰ ਵਿਚ ਟੁੱਭੀਆਂ ਮਾਰ ਕੇ ਅਣਮੁੱਲੇ ਮੋਤੀ ਲੱਭ ਲਿਆਇਆ ਹੈ । ਜਿਸ ਤਰ੍ਹਾਂ ਉਸ ਨੇ ਫ਼ਿਲਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਜਿਨ੍ਹਾਂ ਵਿਚ ਫ਼ਿਲਮ ਦਾ ਨਾਮ, ਬੈਨਰ, ਨਿਰਮਾਤਾ, ਨਿਰਦੇਸ਼ਕ, ਸੰਗੀਤਕਾਰ, ਗੀਤਕਾਰ, ਗਾਇਕ, ਸਿਤਾਰੇ, ਸੈਂਸਰ ਤੋਂ ਪਾਸ ਹੋਣ ਦੀ ਤਾਰੀਖ਼, ਗੀਤ, ਗਾਇਕ, ਫ਼ਿਲਮਾਂਕਣ, ਸੈਂਸਰ ਸਰਟੀਫ਼ਿਕੇਟ, ਰਿਕਾਰਡ ਨੰਬਰ, ਵੀਡੀਓ ਤੇ ਆਡੀਓ ਨੰਬਰ, ਫ਼ਿਲਮਾਂ ਦੇ ਦੁਰਲੱਭ ਪੋਸਟਰ, ਤਸਵੀਰਾਂ, ਗੀਤਾਂ ਦੀ ਸੂਚੀ, ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫ਼ਿਲਮਾਂ, ਕਲਾਕਾਰਾਂ ਦੇ ਅਸਲ ਨਾਮ ਵਗ਼ੈਰਾ ਦੇਣ ਦੀ ਮੱਲ ਮਾਰੀ ਹੈ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ । ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬੀ ਸਿਨੇਮਾ ਦੀ ਪੰਜਾਬੀ ਭਾਸ਼ਾ ਵਿਚ ਛਪੀ ਇਸ ਕਿਤਾਬ ਉੱਪਰ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਮਾਣ ਹੋਵੇਗਾ ।