ਇਸ ਕਿਤਾਬ ਵਿੱਚ ਖੇਤੀਬਾੜੀ ਆਧੁਨਿਕੀਕਰਨ, ਕਾਰਜ ਯੋਜਨਾਵਾਂ ਅਤੇ ਪਹਿਲਕਦਮੀਆਂ ਬਾਰੇ ਸੁਝਾਅ ਦਿੱਤੇ ਗਏ ਹਨ, ਜਿਵੇਂ ਕਿ ਕੁਦਰਤੀ ਸਰੋਤਾਂ ਆਧਾਰਿਤ ਆਰਥਿਕਤਾ ਤੋਂ ਵਧ ਕੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾਵਾਂ ਆਧਾਰਿਤ ਅਰਥ-ਵਿਵਸਥਾ ਸਥਿਰ ਕੀਤੀ ਜਾਵੇ; ਖੇਤਰ-ਨਿਸ਼ਚਿਤ ਆਧੁਨਿਕ ਯੋਜਨਾਬੰਦੀ ਕੀਤੀ ਜਾਵੇ, ਛੋਟੇ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਦੀ ਆਰਥਿਕਤਾ ਵਿੱਚ ਸੁਧਾਰ ਕੀਤਾ ਜਾਵੇ; ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਇਆ ਜਾਵੇ; ਵਾਢੀ ਤੋਂ ਬਾਅਦ ਖੇਤੀ ਉਤਪਾਦਾਂ ਦਾ ਪ੍ਰਬੰਧਨ ਤੇ ਪ੍ਰੋਸੈਸਿੰਗ ਕਰਕੇ ਉਨ੍ਹਾਂ ਦੀ ਬਰਬਾਦੀ ਘਟਾਈ ਜਾਵੇ; ਪੇਂਡੂ ਖੇਤਰਾਂ ਵਿੱਚ ਗ਼ੈਰ-ਖੇਤੀ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਅਤੇ ਖੇਤੀਬਾੜੀ ਨੂੰ ਇੱਕ ਉੱਦਮ ਵਜੋਂ ਅਤੇ ਨੌਜਵਾਨਾਂ ਤੇ ਕਿਸਾਨਾਂ ਨੂੰ ਇੱਕ ਉੱਦਮੀ ਵਜੋਂ ਉਤਸ਼ਾਹਿਤ ਕੀਤਾ ਜਾਵੇ । ਇਨ੍ਹਾਂ ਸੁਝਾਵਾਂ ਨੂੰ ਅਪਨਾਣ ਨਾਲ ਪੰਜਾਬ ਦੀ ਖੇਤੀਬਾੜੀ ਟਿਕਾਊ ਤੇ ਭਵਿੱਖ ਮੁਖੀ ਹੋ ਸਕਦੀ ਹੈ, ਜਿਸ ਨਾਲ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਵਾਤਾਵਰਣ ਦੀ ਸੰਭਾਲ ਵੀ ਹੋ ਸਕੇਗੀ ਅਤੇ ਪੰਜਾਬ ਦੇ ਆਰਥਿਕ ਤੇ ਸਮਾਜਿਕ ਵਿਕਾਸ ਦਾ ਬਾਨ੍ਹਣੂੰ ਵੀ ਬੰਨ੍ਹਿਆ ਜਾ ਸਕੇਗਾ ।