ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਇਕ ਦਰਸ਼ਨੀਯ ਸਿੰਘ, ਗੁਰਮੁਖ ਰੂਹ, ਸੁਜਾਨ ਪੁਰਖ, ਮਹਾਨ ਦਾਨੀ, ਮਹਾਨ ਤਿਆਗੀ, ਮਹਾਨ ਬੈਰਾਗੀ, ਪਰਮ ਹੰਸ, ਬ੍ਰਹਮ ਗਿਆਨੀ, ਮਹਾਨ ਸੰਤ, ਮਹਾਨ ਸੰਤੋਖੀ, ਪੂਰਨ ਖ਼ਾਲਸਾ, ਨੂਰਾਨੀ ਜਗ ਮਗ ਚਿਹਰਾ, ਚੰਦਨ ਦਾ ਰੂਪ, ਰੂਹਾਨੀ ਰੂਹ ਤੇ ਹੋਰ ਵੀ ਬਹੁਤ ਕੁਝ ਸਨ। ਕੀਰਤਨ ਜਿਨ੍ਹਾਂ ਦਾ ਜੀਵਨ ਅਧਾਰ ਸੀ, ਜਿੰਦ-ਜਾਨ ਸੀ ਤੇ ਇਹ ਪ੍ਰਬਲ ਇੱਛਾ ਸੀ ਕਿ ਕੀਰਤਨ ਦੀ ਘਰ-ਘਰ ਅੰਦਰ ਧਰਮਸ਼ਾਲ ਹੋਵੇ। ਬੱਚੇ ਕੀਰਤਨਕਾਰ ਬਣਨ ਅਤੇ ਸਿੱਖ ਸਮਾਜ ਪ੍ਰਸਿੱਧ ਰਾਗੀਆਂ ਮਗਰ ਨਾ ਭੱਜਿਆ ਫਿਰੇ, ਆਪ ਕੀਰਤਨ ਕਰੇ ਤੇ ਰੂਹ ਦਾ ਰੱਜ ਮਾਣੇ। ਉਨ੍ਹਾਂ ਸੈਂਕੜੇ ਨਹੀਂ, ਹਜ਼ਾਰਾਂ ਰੂਹਾਂ ਨੂੰ ਇਸ ਰੰਗ ਵਿਚ ਰੰਗਿਆ। ਇਹ ਪੁਸਤਕ ਰੱਬੀ ਰੰਗ ਵਿਚ ਰੱਤੀਆਂ ਰੂਹਾਂ ਲਈ ਹੋਰ ਰੰਗ ਗੂੜ੍ਹਾ ਕਰੇਗੀ। ਜਗਿਆਸੂਆਂ ਦੀ ਪ੍ਰੇਰਨਾ ਬਣੇਗੀ। ਲੇਖਿਕਾ ਨੇ ਭਾਈ ਸਾਹਿਬ ਦੇ ਮੂੰਹੋਂ ਬੋਲੇ ਤੇ ਨਿੱਕੇ-ਨਿੱਕੇ ਵਰਤਾਰਿਆਂ ਨੂੰ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ।