ਭਾਈ ਵੀਰ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸੰਥਯਾ’ ਵਿਚ “ਨਿਰੁਕਤ” ਦਾ ਕਾਫੀ ਕੰਮ ਕੀਤਾ ਸੀ ਜਿਸ ਨੂੰ ਹੋਰ ਵਿਚਾਰ, ਵਿਸਥਾਰ ਸਹਿਤ ਗੁਰਮਤਿ ਨਿਰਣੈ ਅਤੇ ਗੁਰਮਤਿ ਸਿਧਾਂਤ ਕੋਸ਼ ਦਾ ਰੂਪ ਦਿਤਾ ਗਿਆ ਹੈ। ਇਸ ਨੂੰ ਪੰਜ ਜਿਲਦਾਂ ਵਿਚ ਵੰਡਿਆਂ ਗਿਆ ਹੈ। ‘ਨਿਰੁਕਤ’ ਦੀ ਤਰਤੀਬ ਗੁਰਮੁਖੀ ਦੀ ਵਰਣਮਾਲਾ ਅਨੁਸਾਰ ਹੈ, ਜਿਸ ਵਿਚ ਮਾਤ੍ਰਾ ਦਾ ਲਿਹਾਜ਼ ਰਖਿਆ ਗਿਆ ਹੈ। ‘ਨਿਰੁਕਤ’ ਵਿਚ ਆਈਆਂ ਗੁਰਬਾਣੀ ਦੀਆਂ ਤੁਕਾਂ ਦੇ ਹੇਠ ੧੪੩੦ ਸਫੇ ਵਾਲੀ ਬੀੜ ਤੋਂ ਹਵਾਲੇ ਦਿੱਤੇ ਗਏ ਹਨ। ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਸ਼ਬਦਾਂ ਦਾ ਗੁਰਮੁਖੀ ਵਿਚ ਲਿਪੀਅੰਤਰ ਕਰਨ ਸਮੇਂ ਦੇਵਨਾਗਰੀ ਦੇ ਅੱਧੇ ਅੱਖਰਾਂ ਲਈ ਗੁਰਮੁਖੀ ਵਿਚ ‘ਹਲੰਤ’ ਦੀ ਵਰਤੋਂ ਕੀਤੀ ਗਈ ਹੈ। ਇਤਿਹਾਸਕ, ਮਿਥਿਹਾਸਕ ਅਤੇ ਸਿਧਾਂਤਿਕ ਸ਼ਬਦਾਵਲੀ ਸੰਬੰਧੀ ਜ਼ਰੂਰਤ ਅਨੁਸਾਰ ਵਿਸ਼ੇਸ਼ ਨੋਟ ਦੇ ਦਿੱਤੇ ਗਏ ਹਨ। ਸ਼ਬਦਾਂ ਵਿਚ ਜੋ ਪਰਿਵਰਤਨ ਆਇਆ, ਉਸ ਦਾ ਇਤਿਹਾਸ, ਉਸ ਦੇ ਵਖ ਵਖ ਰੂਪ ਤੇ ਰੰਗ ਸਾਰੇ ਵਿਚਾਰੇ ਗਏ ਹਨ। ਉਦਾਹਰਣਾਂ ਸਹਿਤ ਉਸ ਨੂੰ ਸਚਿਤ੍ਰ ਤੇ ਸਾਰਥਕ ਬਣਾਇਆ ਹੈ। ਇਸੇ ਤਰ੍ਹਾਂ ਪੱਛਮੀ ਚਿੰਤਨ ਵਿਚ ਉਸ ਦੇ ਸਮਾਨਾਰਥਕ ਸੰਕਲਪ ਪਰਖੇ ਹਨ ਅਤੇ ਦੋਹਾਂ ਦ੍ਰਿਸ਼ਾਂ ਦਾ ਅੰਤਰ ਤੇ ਮੂਲ ਲਭਣ ਦਾ ਸਫਲ ਜਤਨ ਕੀਤਾ ਹੈ।