ਇਸ ਪੁਸਤਕ ਵਿਚ ਲੇਖਿਕਾ ਨੇ ਪੰਜਾਬੀ ਭਾਸ਼ਾ ਦੇ ਵਿਕਾਸ, ਅਧਿਆਪਨ ਅਤੇ ਪ੍ਰਗਤੀ ਦੇ ਲਈ ਬੜੇ ਗੰਭੀਰ ਅੱਠ ਲੇਖ ਸ਼ਾਮਲ ਕੀਤੇ ਹਨ। ਪਹਿਲਾ ਲੇਖ ‘ਬੱਚੇ ਉੱਤੇ ਬੋਲੀ ਦਾ ਅਸਰ’, ਦੂਜਾ ਲੇਖ ‘ਬਾਲ-ਸਾਹਿਤ ਕਿਵੇਂ ਦਾ ਹੋਵੇ’, ਤੀਜਾ ਲੇਖ ‘ਬੋਲੀ ਬਾਰੇ ਵਿਗਿਆਨਕ ਤੱਥ’, ਚੌਥੇ ਲੇਖ ਵਿਚ ਉਹ ਨਿੱਕੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਨਾਲ ਪੜ੍ਹਾਉਣ ਦੇ ਭੈੜੇ ਨਤੀਜਿਆਂ ’ਤੇ ਪ੍ਰਕਾਸ਼ ਪਾਉਂਦੇ ਹਨ, ਇਕ ਬੜੀ ਹੀ ਕੌੜੀ ਹਕੀਕਤ ਨੂੰ ਬਿਆਨ ਕਰਦੇ ਹਨ ਤੇ ਬਿਆਨ ਬਹੁਤ ਹੀ ਸਜੀਵ ਹੈ ਤੇ ਦਿਲਾਂ ਨੂੰ ਹਲੂਣਦਾ ਹੈ। ਪੰਜਵੇਂ ਲੇਖ ਵਿਚ ਉਨ੍ਹਾਂ ਨੇ ਵੀ ਇਸਤਰੀ ਹਿਰਦੇ ਦੇ ਜ਼ੇਰੇ-ਅਸਰ ਪੰਜਾਬੀ ਦੀ ਪੰਜਾਬ ਵਿਚ ਹੋ ਰਹੀ ਦੁਰਦਸ਼ਾ ਬਾਰੇ ਅਥਰੂ ਕੇਰੇ ਹਨ। ਛੇਵੇਂ ਲੇਖ ਵਿਚ ਗਵਾਂਢੀ ਦੇਸ ਪਾਕਿਸਤਾਨ ਵਿਚ ਜਿੱਥੇ ਲੋਕਾਂ ਦੀ ਬੋਲੀ ਪੰਜਾਬੀ ਹੈ, ਪਰ ਜਿੱਥੇ ਇਸ ਤੱਥ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਪੰਜਾਬੀ ਦੀ ਸਥਿਤੀ ਬਿਆਨ ਕੀਤੀ ਹੈ। ਇਹ ਲੇਖ ਸਿਆਸਤ ਦੇ ਪੰਜਾਬੀ ’ਤੇ ਪੈ ਰਹੇ ਦੁਰ-ਪ੍ਰਭਾਵ ਨੂੰ ਪ੍ਰਗਟਾਉਂਦਾ ਹੈ। ਪੁਸਤਕ ਵਿਚ ਅੰਤਲਾ ਲੇਖ ਪ੍ਰੋ. ਪ੍ਰੀਤਮ ਸਿੰਘ ਹੁਰਾਂ ਦਾ ਸ਼ਾਮਲ ਕੀਤਾ ਹੈ।