ਇਹ ਪੁਸਤਕ ‘ਕ੍ਰਾਤੀਕਾਰੀ ਬਟੁਕੇਸ਼ਵਰ ਦੱਤ’ ਪ੍ਰਸਿੱਧ ਇਤਿਹਾਸਕਾਰ ਸੁਧੀਰ ਵਿਦਿਆਰਥੀ ਦੀ ਬਹੁ-ਚਰਚਿਤ ਅਤੇ ਮਹੱਤਵਪੂਰਨ ਵਡ-ਆਕਾਰੀ ਪੁਸਤਕ ‘ਕ੍ਰਾਂਤੀ ਦੀਆਂ ਇਬਾਰਤਾਂ’ ਦੇ ਇੱਕ ਲੰਬੇ ਅਧਿਆਇ ‘ਇੱਕ ਤਸਵੀਰ ਜਿਸ ਵਿੱਚ ਬਟੁਕੇਸ਼ਵਰ ਦੱਤ ਦਾ ਚਿਹਰਾ ਹੈ’ ਦਾ ਪੰਜਾਬੀ ਅਨੁਵਾਦ ਹੈ । ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਨੇ ਭਗਤ ਸਿੰਘ ਨਾਲ 8 ਅਪਰੈਲ 1929 ਨੂੰ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਬਰਤਾਨਵੀਂ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਬੰਬ ਵਿਸਫੋਟ ਕੀਤਾ ਸੀ । ‘ਇਨਕਲਾਬ-ਜ਼ਿੰਦਾਬਾਦ’, ‘ਸਾਮਰਾਜਵਾਦ-ਮੁਰਦਾਬਾਦ’ ਦੇ ਨਾਅਰਿਆਂ ਦੇ ਨਾਲ ‘ਬੋਲਿਆਂ ਨੂੰ ਸੁਨਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ’ ਸਿਰਲੇਖ ਵਾਲਾ ਆਪਣੇ ਦਲ-ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ-ਦੀ ਵਿਚਾਰਧਾਰਾ ਨੂੰ ਪ੍ਰਗਟਾਉਂਦਾ ਪਰਚਾ ਵੀ ਕੌਮੀ ਅਸੈਂਬਲੀ ਵਿੱਚ ਸੁੱਟਿਆ ਸੀ । ਇਸ ਇਤਿਹਾਸਕ ਘਟਨਾ ਦੀ ਪੂਰੇ ਸੰਸਾਰ ਵਿੱਚ ਚਰਚਾ ਹੋਈ । ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਆਪਣੀ ਗ੍ਰਿਫਤਾਰੀ ਦੇ ਕੇ ਅਦਾਲਤ ਨੂੰ ਮੰਚ ਦੇ ਰੂਪ ਵਿੱਚ ਆਪਣੇ ਇਨਕਲਾਬੀ ਉਦੇਸ਼ਾਂ ਦੇ ਪ੍ਰਚਾਰ ਲਈ ਵਰਤਿਆ ।