Sh. Tiruvalluvar ਦੁਆਰਾ ਤਾਮਿਲ ਭਾਸ਼ਾ ਵਿਚ ਰਚਿਤ ਪੁਸਤਕ TIRUKKURAL ਜਿਸ ਦਾ ਅੰਗਰੇਜ਼ੀ ਅਨੁਵਾਦ ਸ੍ਰੀ ਵੀ.ਵੀ.ਐੱਸ ਅਈਅਰ ਦੁਆਰਾ ਕੀਤਾ ਗਿਆ ਹੈ ਅਤੇ ਇਸ ਦੇ ਅੰਗਰੇਜ਼ੀ ਅਨੁਵਾਦ ਦਾ ਪੰਜਾਬੀ ਅਨੁਵਾਦ ਸ. ਓਅੰਕਾਰ ਸਿੰਘ ਨੇ “ਤਾਮਿਲ ਦਾ ਵੇਦ” ਸਿਰਲੇਖ ਅਧੀਨ ਕੀਤਾ ਹੈ। ਤਾਮਿਲ ਸਾਹਿਤ ਦੀ ਇਹ ਇਕ ਬਹੁਤ ਮਹੱਤਵਪੂਰਨ ਪੁਸਤਕ ਹੈ, ਜਿਸਨੂੰ ਤਾਮਿਲ ਦਾ ਵੇਦ ਕਰਕੇ ਜਾਣਿਆ ਜਾਂਦਾ ਹੈ। ਇਸ ਪੁਸਤਕ ਵਿਚ ਜੀਵਨ ਦੇ ਤਿੰਨ ਮੁਖ ਸੰਕਲਪ ਧਰਮ, ਅਰਥ ਅਤੇ ਕਾਮ ਸੰਬੰਧੀ ਗਿਆਨ ਦੇਣ ਵਾਲੇ ਸਲੋਕ ਪ੍ਰਸਤੁਤ ਕੀਤੇ ਗਏ ਹਨ। ਇਹ ਸੰਕਲਪੀ ਵਿਧਾਨ ਹੀ ਅਧਿਆਤਮਵਾਦ ਅਤੇ ਮਨੁੱਖਤਾਵਾਦ ਦਾ ਆਧਾਰ ਬਣਦਾ ਹੈ। ਇਸੇ ਵਿਧਾਨ ਦੇ ਅੰਤਰਗਤ ਮਨੁੱਖ ਜੀਵਨ ਦੀ ਮੁਕਤੀ ਦਾ ਰਾਹ ਲੱਭਦਾ ਹੈ। ਪੁਸਤਕ ਦੇ ਰਚੇਤਾ ਨੇ ਆਪਣੀ ਗੱਲ ਕਹਿਣ ਲਈ ਬਹੁਤ ਹੀ ਵਧੀਆ ਦਲੀਲਾਂ ਦੇ ਕੇ ਜ਼ਿੰਦਗੀ ਦੇ ਸੱਚ ਨੂੰ ਕਿਵੇਂ ਜਿਉਂਣਾ ਚਾਹੀਦਾ ਹੈ, ਖੂਬਸੂਰਤ ਢੰਗ ਨਾਲ ਉਘਾੜਿਆ ਹੈ। ਅਨੁਵਾਦਕ ਨੇ ਬਹੁਤ ਹੀ ਸਪੱਸ਼ਟ, ਸਰਲ, ਸੌਖੀ ਅਤੇ ਸੰਜਮਤਾ ਭਰਪੂਰ ਸ਼ੈਲੀ ਵਿਚ ਇਹਨਾਂ ਸਲੋਕਾਂ ਦਾ ਅਨੁਵਾਦ ਕੀਤਾ ਹੈ। ਇਹ ਪੁਸਤਕ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ।